Punjab Industry Relief: PSPCL ਨੇ ਉਦਯੋਗਾਂ ਲਈ ਰਾਤ ਦੇ ਬਿਜਲੀ ਕੱਟਾਂ ਦਾ ਫ਼ੈਸਲਾ ਵਾਪਸ ਲਿਆ
ਪੀਐੱਸਪੀਸੀਐੱਲ (PSPCL) ਨੇ ਉਦਯੋਗਿਕ ਇਕਾਈਆਂ ’ਤੇ ਲਾਗੂ ਕੀਤਾ ਗਿਆ ਪੰਜ ਘੰਟਿਆਂ ਦਾ ਰਾਤਰੀ ਬਿਜਲੀ ਕੱਟ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਇੰਜੀਨੀਅਰ ਜਗਦੇਵ ਸਿੰਘ ਹੰਸ ਨੇ ਦੱਸਿਆ ਕਿ ਤਲਵੰਡੀ ਸਾਬੋ ਗਰਿੱਡ ਤੋਂ ਬਿਜਲੀ ਸਪਲਾਈ ਵਿੱਚ ਆ ਰਹੀ ਰੁਕਾਵਟ ਦੂਰ ਹੋ ਚੁੱਕੀ ਹੈ, ਜਿਸ ਕਾਰਨ ਹੁਣ ਉਦਯੋਗਾਂ ਨੂੰ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਨਿਯਮਤ ਬਿਜਲੀ ਮਿਲੇਗੀ।
ਇਹ ਫ਼ੈਸਲਾ ਉਦਯੋਗਪਤੀਆਂ ਅਤੇ ਪੀਐੱਸਪੀਸੀਐੱਲ ਅਧਿਕਾਰੀਆਂ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਉਦਯੋਗਿਕ ਸੰਸਥਾਵਾਂ ਦੇ ਨੁਮਾਇੰਦਿਆਂ, ਜਿਨ੍ਹਾਂ ਵਿੱਚ ਯੂਸੀਪੀਐੱਮਏ, ਫਾਸਟਨਰਜ਼ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ਼ ਇੰਡੀਆ, ਫਿਕੋ ਅਤੇ ਡੀਆਈਡਬਲਯੂਏ ਦੇ ਅਹੁਦੇਦਾਰ ਸ਼ਾਮਲ ਸਨ, ਨੇ ਰਾਤ ਦੇ ਬਿਜਲੀ ਕੱਟ ਕਾਰਨ ਪੈਦਾ ਹੋ ਰਹੀਆਂ ਮੁਸ਼ਕਲਾਂ ਸਬੰਧੀ ਆਪਣੀ ਚਿੰਤਾ ਜਤਾਈ ਸੀ।
ਮੀਟਿੰਗ ਦੌਰਾਨ ਪੀਐੱਸਪੀਸੀਐੱਲ ਦੇ ਅਧਿਕਾਰੀਆਂ ਨੇ ਉਦਯੋਗਿਕ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਚੇਅਰਮੈਨ ਦੇ ਨਿਰਦੇਸ਼ਾਂ ਅਨੁਸਾਰ ਉਦਯੋਗਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਤੋਂ ਬਾਅਦ ਰਾਤ ਦੇ ਪੰਜ ਘੰਟਿਆਂ ਵਾਲੇ ਬਲੈਕਆਊਟ ਨੂੰ ਤੁਰੰਤ ਰੱਦ ਕਰ ਦਿੱਤਾ ਗਿਆ ਹੈ।
ਉਦਯੋਗਪਤੀਆਂ ਨੇ ਕਿਹਾ ਕਿ ਨਿਰਵਿਘਨ ਬਿਜਲੀ ਸਪਲਾਈ ਉਤਪਾਦਨ ਜਾਰੀ ਰੱਖਣ, ਸਮੇਂ ਸਿਰ ਆਰਡਰ ਪੂਰੇ ਕਰਨ ਅਤੇ ਵਾਧੂ ਖਰਚਿਆਂ ਤੋਂ ਬਚਣ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਦੇ ਅਨੁਸਾਰ ਇਸ ਫ਼ੈਸਲੇ ਨਾਲ ਲੁਧਿਆਣਾ ਅਤੇ ਹੋਰ ਉਦਯੋਗਿਕ ਖੇਤਰਾਂ ਦੇ ਯੂਨਿਟਾਂ ਨੂੰ ਵੱਡੀ ਰਾਹਤ ਮਿਲੇਗੀ।
ਪੀਐੱਸਪੀਸੀਐੱਲ ਵੱਲੋਂ ਲਏ ਗਏ ਇਸ ਕਦਮ ਤੋਂ ਬਾਅਦ ਉਦਯੋਗ ਅਤੇ ਵਪਾਰਕ ਸੰਘਾਂ ਨੇ ਆਪਣੇ ਪ੍ਰਸਤਾਵਿਤ ਰੋਸ ਪ੍ਰਦਰਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ।
ਹਾਲਾਂਕਿ ਉਦਯੋਗਿਕ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜੇ ਭਵਿੱਖ ਵਿੱਚ ਕੋਈ ਅਜਿਹਾ ਫ਼ੈਸਲਾ ਲਿਆ ਗਿਆ ਜੋ ਉਦਯੋਗਾਂ ਦੇ ਕੰਮਕਾਜ ਨੂੰ ਪ੍ਰਭਾਵਿਤ ਕਰੇਗਾ, ਤਾਂ ਉਹ ਮੁੜ ਇਕੱਠੇ ਹੋ ਕੇ ਆਪਣਾ ਵਿਰੋਧ ਦਰਜ ਕਰਵਾਉਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਕਰੀਬ ਦਸ ਦਿਨਾਂ ਤੋਂ ਵੱਖ-ਵੱਖ ਗਰਿੱਡਾਂ ਤੋਂ ਘੱਟ ਬਿਜਲੀ ਸਪਲਾਈ ਕਾਰਨ ਉਦਯੋਗਿਕ ਇਕਾਈਆਂ ਲਈ ਰਾਤ ਦੀ ਸ਼ਿਫ਼ਟ ਦੌਰਾਨ ਪੰਜ ਘੰਟਿਆਂ ਦਾ ਬਿਜਲੀ ਕੱਟ ਲਾਗੂ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਉਦਯੋਗਿਕ ਖੇਤਰ ਵਿੱਚ ਕਾਫ਼ੀ ਨਾਰਾਜ਼ਗੀ ਪਾਈ ਜਾ ਰਹੀ ਸੀ।







