ਚੰਡੀਗੜ੍ਹ ’ਚ iPhone ਲੰਗਰ ’ਤੇ ਪ੍ਰਸ਼ਾਸਨ ਦੀ ਰੋਕ, ਭੀੜ ਬੇਕਾਬੂ ਹੋਣ ਦਾ ਖ਼ਦਸ਼ਾ
ਚੰਡੀਗੜ੍ਹ ਵਿੱਚ 22 ਸਤੰਬਰ ਨੂੰ ਪ੍ਰਸਤਾਵਿਤ ‘iPhone ਲੰਗਰ’ ’ਤੇ ਪ੍ਰਸ਼ਾਸਨ ਨੇ ਰੋਕ ਲਗਾ ਦਿੱਤੀ ਹੈ। ਕਾਰੋਬਾਰੀ ਰਾਕੇਸ਼ ਤ੍ਰੇਹਨ ਉਰਫ਼ ‘ਰਾਜਾ ਡੀ ਕਿੰਗ’ ਵੱਲੋਂ ਚੰਡੀਗੜ੍ਹ ਅਤੇ ਮੁਹਾਲੀ ਦੀਆਂ ਔਰਤਾਂ ਨੂੰ ਮੁਫ਼ਤ iPhone ਵੰਡਣ ਦਾ ਐਲਾਨ ਕੀਤਾ ਗਿਆ ਸੀ। ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਕੱਠੇ ਹੋਣ ਅਤੇ ਭੀੜ ਬੇਕਾਬੂ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਇਹ ਫੈਸਲਾ ਲਿਆ ਹੈ।
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਪੁਲੀਸ ਨੂੰ 22 ਸਤੰਬਰ ਨੂੰ ਹੋਣ ਵਾਲੇ ਪ੍ਰਸਤਾਵਿਤ ਸਮਾਗਮ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਚਾਨਕ ਵੱਡੀ ਭੀੜ ਇਕੱਠੀ ਹੋਣ ਨਾਲ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ ਅਤੇ ਭਗਦੜ ਵਰਗੀ ਸਥਿਤੀ ਬਣਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਮਹਿੰਗੇ ਮੋਬਾਈਲ ਫੋਨ ਵੰਡਣ ਦੀ ਬਜਾਏ ਲੋੜਵੰਦਾਂ ਦੀ ਮਦਦ, ਬਜ਼ੁਰਗ ਆਸ਼ਰਮਾਂ, ਅਨਾਥ ਆਸ਼ਰਮਾਂ ਜਾਂ ਹੋਰ ਸਮਾਜ ਸੇਵੀ ਕਾਰਜਾਂ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ।
ਪੁਲੀਸ ਅਧਿਕਾਰੀਆਂ ਮੁਤਾਬਕ ਇਸ ਸਮਾਗਮ ਲਈ ਪ੍ਰਬੰਧਕਾਂ ਵੱਲੋਂ ਪੁਲੀਸ ਜਾਂ ਪ੍ਰਸ਼ਾਸਨ ਤੋਂ ਕੋਈ ਰਸਮੀ ਮਨਜ਼ੂਰੀ ਨਹੀਂ ਲਈ ਗਈ ਸੀ। ਸੋਸ਼ਲ ਮੀਡੀਆ ਅਤੇ ਹੋਰ ਸਰੋਤਾਂ ਰਾਹੀਂ ਪ੍ਰੋਗਰਾਮ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਬੰਧਕਾਂ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ ਜਾ ਰਿਹਾ ਹੈ ਕਿ ਬਿਨਾਂ ਮਨਜ਼ੂਰੀ ਇਹ ਸਮਾਗਮ ਨਹੀਂ ਕਰਵਾਇਆ ਜਾ ਸਕਦਾ। ਪੁਲੀਸ ਨੇ ਕਿਹਾ ਕਿ ਬਿਨਾਂ ਇਜਾਜ਼ਤ ਜਨਤਕ ਇਕੱਠ ਕਰਨਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 163 ਤਹਿਤ ਲਾਗੂ ਪਾਬੰਦੀਆਂ ਦੀ ਉਲੰਘਣਾ ਹੋ ਸਕਦਾ ਹੈ।
ਲੱਕੀ ਡਰਾਅ ਰਾਹੀਂ ਦੇਣੇ ਸਨ iPhone
ਰਾਕੇਸ਼ ਤ੍ਰੇਹਨ ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਸੀ ਕਿ 22 ਸਤੰਬਰ ਨੂੰ ਚੰਡੀਗੜ੍ਹ ਅਤੇ ਮੁਹਾਲੀ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ iPhone 17 ਅਤੇ ਇਸ ਤੋਂ ਉੱਪਰ ਦੇ ਮਾਡਲ ਮੁਫ਼ਤ ਦਿੱਤੇ ਜਾਣਗੇ। ਪਹਿਲਾਂ ਉਨ੍ਹਾਂ ਵੱਲੋਂ ਖ਼ੁਦ ਮੌਜੂਦ ਰਹਿ ਕੇ ਫੋਨ ਵੰਡਣ ਦੀ ਗੱਲ ਆਖੀ ਗਈ ਸੀ, ਪਰ ਬਾਅਦ ਵਿੱਚ ਪ੍ਰੋਗਰਾਮ ਦੇ ਤਰੀਕੇ ਵਿੱਚ ਤਬਦੀਲੀ ਕਰਦਿਆਂ ਲੱਕੀ ਡਰਾਅ ਮੀਡੀਆ ਦੀ ਮੌਜੂਦਗੀ ਵਿੱਚ ਕੱਢਣ ਅਤੇ ਜੇਤੂਆਂ ਨੂੰ ਉਨ੍ਹਾਂ ਦੇ ਘਰ ਜਾ ਕੇ ਫੋਨ ਦੇਣ ਦੀ ਗੱਲ ਕਹੀ ਗਈ।
ਰਿਪੋਰਟਾਂ ਅਨੁਸਾਰ ਤ੍ਰੇਹਨ ਨੇ ਲਗਭਗ 1,000 iPhone ਦੇ ਆਰਡਰ ਦੇਣ ਦਾ ਦਾਅਵਾ ਕੀਤਾ ਸੀ ਅਤੇ ਪਹਿਲੇ ਪੜਾਅ ਵਿੱਚ 10 ਮੋਬਾਈਲ ਫੋਨ ਦੇਣ ਦੀ ਯੋਜਨਾ ਦੱਸੀ ਸੀ। ਹਾਲਾਂਕਿ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸਮਾਗਮ ਦਾ ਢੰਗ ਬਦਲਣ ਦੇ ਬਾਵਜੂਦ ਐਲਾਨ ਕਾਰਨ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਸਕਦੀ ਹੈ, ਜਿਸ ਨੂੰ ਸੰਭਾਲਣਾ ਚੁਣੌਤੀਪੂਰਨ ਹੋ ਸਕਦਾ ਹੈ।
ਪਹਿਲਾਂ ‘ਪੈਟਰੋਲ ਲੰਗਰ’ ਕਾਰਨ ਵੀ ਚਰਚਾ ਵਿੱਚ ਆਏ ਸਨ ਤ੍ਰੇਹਨ
ਰਾਕੇਸ਼ ਤ੍ਰੇਹਨ ਇਸ ਤੋਂ ਪਹਿਲਾਂ ‘ਪੈਟਰੋਲ ਲੰਗਰ’ ਦੇ ਐਲਾਨ ਕਾਰਨ ਵੀ ਸੁਰਖੀਆਂ ਵਿੱਚ ਰਹੇ ਸਨ। ਉਸ ਸਮੇਂ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਗਏ ਸਨ। ਭਾਰੀ ਮੀਂਹ ਕਾਰਨ ਪ੍ਰਬੰਧਾਂ ਨੂੰ ਲੈ ਕੇ ਵੀ ਮੁਸ਼ਕਲਾਂ ਸਾਹਮਣੇ ਆਈਆਂ ਸਨ ਅਤੇ ਆਖ਼ਰਕਾਰ ਇਹ ਸਮਾਗਮ ਰੱਦ ਕਰਨਾ ਪਿਆ ਸੀ। ਪ੍ਰਸ਼ਾਸਨ ਨੇ ਪਿਛਲੇ ਸਮਾਗਮ ਦੇ ਤਜਰਬੇ ਨੂੰ ਵੀ iPhone ਲੰਗਰ ਸਬੰਧੀ ਚਿੰਤਾ ਦੇ ਕਾਰਨਾਂ ਵਿੱਚ ਸ਼ਾਮਲ ਕੀਤਾ ਹੈ।







