ਅਗਲੇ 2 ਦਿਨ ਪਵੇਗਾ ਭਾਰੀ ਮੀਂਹ ! ਇਨ੍ਹਾਂ ਸੂਬਿਆਂ ‘ਚ ਜਾਰੀ ਅਲਰਟ

ਦਿੱਲੀ-ਐਨਸੀਆਰ ਵਿੱਚ ਮਾਨਸੂਨ ਨੇ ਜ਼ੋਰਦਾਰ ਐਂਟਰੀ ਕਰ ਦਿੱਤੀ ਹੈ। ਮੰਗਲਵਾਰ ਦੁਪਹਿਰ ਤੋਂ ਰਾਜਧਾਨੀ ਦਿੱਲੀ ਅਤੇ ਐਨਸੀਆਰ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਲਗਾਤਾਰ ਹੋ ਰਹੀ ਬਾਰਿਸ਼ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਕਈ ਖੇਤਰਾਂ ਲਈ ਰੈੱਡ ਅਤੇ ਓਰੇਂਜ ਅਲਰਟ ਜਾਰੀ ਕੀਤਾ ਹੈ। ਮੀਂਹ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਤਾਂ ਮਿਲੀ ਹੈ, ਪਰ ਕਈ ਥਾਵਾਂ ‘ਤੇ ਜਲਭਰਾਅ ਅਤੇ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਵੀ ਜਤਾਈ ਗਈ ਹੈ।

ਭਾਰਤੀ ਮੌਸਮ ਵਿਭਾਗ (IMD) ਦੇ ਜ਼ਿਲ੍ਹਾ-ਵਾਰ ਪੂਰਵ ਅਨੁਮਾਨ ਅਨੁਸਾਰ ਉੱਤਰੀ ਦਿੱਲੀ ਦੇ ਕੁਝ ਹਿੱਸਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ, ਗਰਜ-ਚਮਕ, ਬਿਜਲੀ ਅਤੇ ਲਗਭਗ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਦਿੱਲੀ ਦੇ ਬਾਕੀ ਹਿੱਸਿਆਂ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਿੱਥੇ ਦਰਮਿਆਨੇ ਤੋਂ ਭਾਰੀ ਮੀਂਹ ਦੇ ਨਾਲ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।

ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਦਿੱਲੀ-ਐਨਸੀਆਰ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦਾ ਦੌਰ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ।

ਇਸਦੇ ਨਾਲ ਹੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਦੱਖਣ-ਪੱਛਮੀ ਮਾਨਸੂਨ ਗੁਜਰਾਤ ਦੇ ਬਾਕੀ ਹਿੱਸਿਆਂ ਅਤੇ ਰਾਜਸਥਾਨ ਤੇ ਹਰਿਆਣਾ ਦੇ ਕੁਝ ਹੋਰ ਇਲਾਕਿਆਂ ਤੱਕ ਅੱਗੇ ਵਧ ਗਿਆ ਹੈ। ਅਗਲੇ ਦੋ ਤੋਂ ਤਿੰਨ ਦਿਨਾਂ ਵਿੱਚ ਮਾਨਸੂਨ ਦੇ ਉੱਤਰੀ ਅਰਬ ਸਾਗਰ, ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਬਾਕੀ ਖੇਤਰਾਂ ਵਿੱਚ ਪੂਰੀ ਤਰ੍ਹਾਂ ਸਰਗਰਮ ਹੋਣ ਲਈ ਹਾਲਾਤ ਅਨੁਕੂਲ ਹਨ, ਜਿਸ ਤੋਂ ਬਾਅਦ ਇਹ ਪੂਰੇ ਦੇਸ਼ ਨੂੰ ਕਵਰ ਕਰ ਸਕਦਾ ਹੈ।

ਆਈਐਮਡੀ ਮੁਤਾਬਕ 8 ਜੁਲਾਈ ਨੂੰ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ, ਜਦਕਿ 7 ਜੁਲਾਈ ਨੂੰ ਕੋਂਕਣ, ਮੱਧ ਮਹਾਰਾਸ਼ਟਰ, ਗੁਜਰਾਤ, ਕੇਰਲ ਅਤੇ ਕਰਨਾਟਕ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਅਗਲੇ ਤਿੰਨ ਦਿਨਾਂ ਦੌਰਾਨ ਉੱਤਰੀ ਭਾਰਤ ਵਿੱਚ ਵੀ ਮੀਂਹ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਆਉਣ ਅਤੇ ਕਈ ਥਾਵਾਂ ‘ਤੇ ਭਾਰੀ ਵਰਖਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ।