ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ’ਤੇ ਸ਼ੁਰੂ ਹੋ ਰਹੇ ਮੁੜ ਵਿਕਾਸ ਕਾਰਜਾਂ ਕਾਰਨ ਅਗਲੇ 36 ਦਿਨ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੇਲਵੇ ਵਿਭਾਗ ਵੱਲੋਂ 10 ਸਤੰਬਰ ਤੋਂ 15 ਅਕਤੂਬਰ ਤੱਕ ਚੱਲਣ ਵਾਲੇ ਇਸ ਪ੍ਰੋਜੈਕਟ ਦੌਰਾਨ ਰੇਲ ਆਵਾਜਾਈ ਵਿੱਚ ਵੱਡੇ ਪੱਧਰ ’ਤੇ ਤਬਦੀਲੀਆਂ ਕੀਤੀਆਂ ਗਈਆਂ ਹਨ। ਇਸ ਮਿਆਦ ਦੌਰਾਨ ਰੋਜ਼ਾਨਾ 12 ਰੇਲਗੱਡੀਆਂ ਸਮੇਤ ਕੁੱਲ 442 ਰੇਲਗੱਡੀਆਂ ਨੂੰ ਰੱਦ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ ’ਤੇ ਨਵੀਂ ਛੱਤ ਲਗਾਉਣ ਅਤੇ ਮੌਜੂਦਾ ਫੁੱਟ-ਓਵਰਬ੍ਰਿਜ ਨੂੰ ਹਟਾਉਣ ਦਾ ਕੰਮ ਕੀਤਾ ਜਾਣਾ ਹੈ। ਯਾਤਰੀਆਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਵੇ, ਇਸ ਲਈ 36 ਦਿਨਾਂ ਦੇ ਇਸ ਕੰਮ ਨੂੰ 12-12 ਦਿਨਾਂ ਦੇ ਤਿੰਨ ਪੜਾਵਾਂ ਵਿੱਚ ਵੰਡਿਆ ਗਿਆ ਹੈ। ਇਸ ਦੌਰਾਨ ਸਟੇਸ਼ਨ ਦੇ ਵੱਖ-ਵੱਖ ਪਲੇਟਫਾਰਮ ਅਸਥਾਈ ਤੌਰ ’ਤੇ ਬੰਦ ਰਹਿਣਗੇ।
ਰੇਲਵੇ ਅਧਿਕਾਰੀਆਂ ਅਨੁਸਾਰ ਪਹਿਲੇ ਪੜਾਅ ਵਿੱਚ 10 ਤੋਂ 21 ਸਤੰਬਰ ਤੱਕ ਪਲੇਟਫਾਰਮ ਨੰਬਰ 5 ਅਤੇ 6 ਬੰਦ ਰਹਿਣਗੇ। ਦੂਜੇ ਪੜਾਅ ਦੌਰਾਨ 22 ਸਤੰਬਰ ਤੋਂ 3 ਅਕਤੂਬਰ ਤੱਕ ਪਲੇਟਫਾਰਮ ਨੰਬਰ 3 ਅਤੇ 4 ’ਤੇ ਕੰਮ ਹੋਵੇਗਾ, ਜਦਕਿ ਆਖਰੀ ਪੜਾਅ ਵਿੱਚ 4 ਤੋਂ 15 ਅਕਤੂਬਰ ਤੱਕ ਪਲੇਟਫਾਰਮ ਨੰਬਰ 2 ਬੰਦ ਰੱਖਿਆ ਜਾਵੇਗਾ।
ਮੁਰੰਮਤ ਕਾਰਜਾਂ ਕਾਰਨ ਦਿੱਲੀ-ਕਾਲਕਾ, ਚੰਡੀਗੜ੍ਹ-ਅੰਮ੍ਰਿਤਸਰ ਅਤੇ ਚੰਡੀਗੜ੍ਹ-ਫਿਰੋਜ਼ਪੁਰ ਰੂਟਾਂ ਦੀਆਂ ਕਈ ਟਰੇਨਾਂ ਪ੍ਰਭਾਵਿਤ ਹੋਣਗੀਆਂ। ਕੁਝ ਗੱਡੀਆਂ ਨੂੰ ਅੰਬਾਲਾ ਕੈਂਟ ਤੱਕ ਹੀ ਚਲਾਇਆ ਜਾਵੇਗਾ, ਜਦਕਿ ਕਈ ਟਰੇਨਾਂ ਦੇ ਪਲੇਟਫਾਰਮ ਵੀ ਬਦਲੇ ਜਾਣਗੇ। ਯਾਤਰੀਆਂ ਦੀ ਸਹੂਲਤ ਲਈ ਸਾਬਰਮਤੀ-ਅੰਮ੍ਰਿਤਸਰ ਸਮੇਤ ਅੱਠ ਲੰਬੀ ਦੂਰੀ ਦੀਆਂ ਟਰੇਨਾਂ ਦਾ ਮੁਹਾਲੀ ਰੇਲਵੇ ਸਟੇਸ਼ਨ ’ਤੇ ਅਸਥਾਈ ਠਹਿਰਾਅ ਦਿੱਤਾ ਗਿਆ ਹੈ।
ਰੇਲਵੇ ਵਿਭਾਗ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਸਫ਼ਰ ਤੋਂ ਪਹਿਲਾਂ ਆਪਣੀ ਟਰੇਨ ਦਾ ਸਮਾਂ, ਪਲੇਟਫਾਰਮ ਅਤੇ ਰੂਟ ਸਬੰਧੀ ਜਾਣਕਾਰੀ ਜ਼ਰੂਰ ਚੈੱਕ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਤੋਂ ਬਚਿਆ ਜਾ ਸਕੇ।
ਤਿਉਹਾਰਾਂ ਦੇ ਸੀਜ਼ਨ ਵਿੱਚ ਵਧਣਗੀਆਂ ਮੁਸ਼ਕਲਾਂ
ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਇਹ ਕੰਮ ਅਜਿਹੇ ਸਮੇਂ ਸ਼ੁਰੂ ਹੋ ਰਿਹਾ ਹੈ ਜਦੋਂ ਨਰਾਤੇ, ਗਣੇਸ਼ ਚਤੁਰਥੀ ਅਤੇ ਹੋਰ ਕਈ ਤਿਉਹਾਰਾਂ ਮੌਕੇ ਯਾਤਰਾ ਕਰਨ ਵਾਲਿਆਂ ਦੀ ਗਿਣਤੀ ਵੱਧ ਜਾਂਦੀ ਹੈ। ਟਰੇਨਾਂ ਦੀ ਰੱਦਗੀ ਅਤੇ ਰੂਟਾਂ ਵਿੱਚ ਤਬਦੀਲੀਆਂ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਆਪਣੇ ਸਫ਼ਰ ਦੀ ਯੋਜਨਾ ਮੁੜ ਬਣਾਉਣੀ ਪੈ ਸਕਦੀ ਹੈ ਅਤੇ ਵੱਡੀ ਗਿਣਤੀ ਲੋਕਾਂ ਨੂੰ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪੈਣ ਦੀ ਸੰਭਾਵਨਾ ਹੈ।







