ਖੰਘ-ਜ਼ੁਕਾਮ ਨੂੰ ਨਾ ਸਮਝੋ ਆਮ ਬਿਮਾਰੀ, ਸਵਾਈਨ ਫਲੂ ਦੇ ਹੋ ਸਕਦੇ ਹਨ ਸੰਕੇਤ

ਮੌਸਮ ਵਿੱਚ ਆ ਰਹੀਆਂ ਤਬਦੀਲੀਆਂ ਦੇ ਨਾਲ ਬੁਖਾਰ, ਖੰਘ, ਗਲੇ ਵਿੱਚ ਦਰਦ, ਸਿਰ ਦਰਦ ਅਤੇ ਸਰੀਰ ਦਰਦ ਵਰਗੀਆਂ ਸਮੱਸਿਆਵਾਂ ਆਮ ਤੌਰ ’ਤੇ ਵਧ ਜਾਂਦੀਆਂ ਹਨ। ਬਹੁਤ ਸਾਰੇ ਲੋਕ ਇਨ੍ਹਾਂ ਲੱਛਣਾਂ ਨੂੰ ਆਮ ਵਾਇਰਲ ਬੁਖਾਰ ਜਾਂ ਮੌਸਮੀ ਪ੍ਰਭਾਵ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਜੇਕਰ ਇਹ ਲੱਛਣ ਲੰਬੇ ਸਮੇਂ ਤੱਕ ਬਣੇ ਰਹਿਣ ਜਾਂ ਉਨ੍ਹਾਂ ਦੀ ਤੀਬਰਤਾ ਵਧਣ ਲੱਗੇ, ਤਾਂ ਇਹ ਸਵਾਈਨ ਫਲੂ (ਐਚ1ਐਨ1) ਦੇ ਸੰਕੇਤ ਵੀ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ ਘਬਰਾਉਣ ਦੀ ਬਜਾਏ ਸਹੀ ਸਾਵਧਾਨੀ ਵਰਤਣੀ ਅਤੇ ਡਾਕਟਰੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ।

ਜੇਕਰ ਕਿਸੇ ਵਿਅਕਤੀ ਨੂੰ ਬੁਖਾਰ, ਖੰਘ, ਗਲੇ ਵਿੱਚ ਖਰਾਸ਼ ਜਾਂ ਸਰੀਰ ਦਰਦ ਵਰਗੇ ਲੱਛਣ ਮਹਿਸੂਸ ਹੋਣ, ਤਾਂ ਉਸ ਨੂੰ ਸਭ ਤੋਂ ਪਹਿਲਾਂ ਪੂਰਾ ਆਰਾਮ ਕਰਨਾ ਚਾਹੀਦਾ ਹੈ। ਸਰੀਰ ਨੂੰ ਇਨਫੈਕਸ਼ਨ ਨਾਲ ਲੜਨ ਅਤੇ ਜਲਦੀ ਠੀਕ ਹੋਣ ਲਈ ਆਰਾਮ ਦੀ ਲੋੜ ਹੁੰਦੀ ਹੈ। ਇਸ ਦੇ ਨਾਲ-ਨਾਲ ਵੱਧ ਤੋਂ ਵੱਧ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਜੇਕਰ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ ਤਾਂ ਕੰਮਕਾਜ ਜਾਂ ਬਾਹਰ ਜਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ।

ਫਲੂ ਵਰਗੇ ਲੱਛਣ ਹੋਣ ਦੀ ਸਥਿਤੀ ਵਿੱਚ ਦੂਜੇ ਲੋਕਾਂ ਨਾਲ ਬੇਲੋੜਾ ਸੰਪਰਕ ਘੱਟ ਤੋਂ ਘੱਟ ਰੱਖਣਾ ਚਾਹੀਦਾ ਹੈ। ਜ਼ਰੂਰਤ ਪੈਣ ’ਤੇ ਘਰ ਤੋਂ ਬਾਹਰ ਜਾਂ ਭੀੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣਾ ਲਾਭਦਾਇਕ ਰਹਿੰਦਾ ਹੈ। ਖਾਸ ਕਰਕੇ ਬਜ਼ੁਰਗਾਂ, ਛੋਟੇ ਬੱਚਿਆਂ ਅਤੇ ਪਹਿਲਾਂ ਤੋਂ ਕਿਸੇ ਗੰਭੀਰ ਬਿਮਾਰੀ ਨਾਲ ਪੀੜਤ ਲੋਕਾਂ ਦੇ ਨੇੜੇ ਰਹਿੰਦੇ ਸਮੇਂ ਵਾਧੂ ਸਾਵਧਾਨੀ ਦੀ ਲੋੜ ਹੁੰਦੀ ਹੈ, ਤਾਂ ਜੋ ਲਾਗ ਫੈਲਣ ਦਾ ਖ਼ਤਰਾ ਘਟਾਇਆ ਜਾ ਸਕੇ।

ਖੰਘਣ ਜਾਂ ਛਿੱਕਣ ਸਮੇਂ ਮੂੰਹ ਅਤੇ ਨੱਕ ਨੂੰ ਟਿਸ਼ੂ ਜਾਂ ਰੁਮਾਲ ਨਾਲ ਢੱਕਣਾ ਚਾਹੀਦਾ ਹੈ ਅਤੇ ਵਰਤੋਂ ਤੋਂ ਬਾਅਦ ਟਿਸ਼ੂ ਨੂੰ ਤੁਰੰਤ ਕੂੜੇਦਾਨ ਵਿੱਚ ਸੁੱਟ ਦੇਣਾ ਚਾਹੀਦਾ ਹੈ। ਹੱਥਾਂ ਦੀ ਸਫ਼ਾਈ ਵੀ ਬਹੁਤ ਮਹੱਤਵਪੂਰਨ ਹੈ। ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ ਜਾਂ ਲੋੜ ਪੈਣ ’ਤੇ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਜੇਕਰ ਲੱਛਣ ਲੰਬੇ ਸਮੇਂ ਤੱਕ ਜਾਰੀ ਰਹਿਣ, ਹੋਰ ਗੰਭੀਰ ਹੋ ਜਾਣ ਜਾਂ ਸਿਹਤ ਵਿੱਚ ਸੁਧਾਰ ਨਾ ਆਵੇ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਬਜ਼ੁਰਗ, ਛੋਟੇ ਬੱਚੇ, ਗਰਭਵਤੀ ਮਹਿਲਾਵਾਂ ਅਤੇ ਹੋਰ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਅਜਿਹੇ ਲੱਛਣ ਦਿਖਾਈ ਦੇਣ ’ਤੇ ਡਾਕਟਰੀ ਸਲਾਹ ਲੈਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ।

ਮਾਹਿਰਾਂ ਦਾ ਕਹਿਣਾ ਹੈ ਕਿ ਬੁਖਾਰ ਜਾਂ ਖੰਘ ਹੋਣ ’ਤੇ ਆਪਣੇ ਮਨ ਨਾਲ ਐਂਟੀਬਾਇਓਟਿਕ, ਐਂਟੀਵਾਇਰਲ ਜਾਂ ਹੋਰ ਦਵਾਈਆਂ ਸ਼ੁਰੂ ਨਹੀਂ ਕਰਣੀਆਂ ਚਾਹੀਦੀਆਂ। ਹਰ ਬੁਖਾਰ ਸਵਾਈਨ ਫਲੂ ਨਹੀਂ ਹੁੰਦਾ ਅਤੇ ਹਰ ਮਰੀਜ਼ ਲਈ ਇੱਕੋ ਜਿਹਾ ਇਲਾਜ ਵੀ ਢੁਕਵਾਂ ਨਹੀਂ ਹੁੰਦਾ। ਇਸ ਲਈ ਡਾਕਟਰ ਦੀ ਸਲਾਹ ਅਨੁਸਾਰ ਹੀ ਟੈਸਟ ਅਤੇ ਇਲਾਜ ਕਰਵਾਉਣਾ ਸਭ ਤੋਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਰਾਹ ਹੈ।