Canada: ਐਡਮਿੰਟਨ ’ਚ ਭਾਰਤੀ ਕਲਚਰਲ ਸੁਸਾਇਟੀ ਦੀ ਰਸੋਈ ਬੰਦ, ਸਫ਼ਾਈ ਤੇ ਖਾਣੇ ਦੀ ਸੁਰੱਖਿਆ ਸਬੰਧੀ ਕਈ ਖਾਮੀਆਂ
ਐਡਮਿੰਟਨ: ਐਡਮਿੰਟਨ ਦੇ ਦੱਖਣੀ ਹਿੱਸੇ ਵਿੱਚ ਸਥਿਤ ਭਾਰਤੀ ਕਲਚਰਲ ਸੁਸਾਇਟੀ ਆਫ਼ ਅਲਬਰਟਾ ਦੀ ਰਸੋਈ ਨੂੰ ਅਲਬਰਟਾ ਹੈਲਥ ਸਰਵਿਸਿਜ਼ (AHS) ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਸਿਹਤ ਅਧਿਕਾਰੀਆਂ ਦੀ ਜਾਂਚ ਦੌਰਾਨ ਖਾਣੇ ਦੀ ਸੁਰੱਖਿਆ ਅਤੇ ਸਫ਼ਾਈ ਨਾਲ ਜੁੜੀਆਂ ਦਰਜਨ ਤੋਂ ਵੱਧ ਉਲੰਘਣਾਵਾਂ ਸਾਹਮਣੇ ਆਉਣ ਤੋਂ ਬਾਅਦ 28 ਅਗਸਤ ਨੂੰ ਕਲੋਜ਼ਰ ਆਰਡਰ ਜਾਰੀ ਕੀਤਾ ਗਿਆ। ਇਸ ਤਹਿਤ ਅਗਲੇ ਹੁਕਮਾਂ ਤੱਕ ਰਸੋਈ ਖੋਲ੍ਹਣ ’ਤੇ ਪਾਬੰਦੀ ਰਹੇਗੀ।
ਜਾਂਚ ਦੌਰਾਨ ਰਸੋਈ ਦੇ ਕਈ ਹਿੱਸਿਆਂ ਵਿੱਚ ਗੰਦਗੀ ਅਤੇ ਸਫ਼ਾਈ ਦੀਆਂ ਗੰਭੀਰ ਖਾਮੀਆਂ ਦਰਜ ਕੀਤੀਆਂ ਗਈਆਂ। ਰਿਪੋਰਟ ਮੁਤਾਬਕ ਅਲਮਾਰੀਆਂ, ਕਾਊਂਟਰਾਂ, ਸਟੋਰ ਰੂਮ, ਦਰਾਜ਼ਾਂ ਅਤੇ ਸ਼ੈਲਫ਼ਾਂ ਸਮੇਤ ਬੇਸਮੈਂਟ ਦੇ ਸਾਂਝੇ ਖੇਤਰਾਂ ਵਿੱਚ ਵੀ ਗੰਦਗੀ ਪਾਈ ਗਈ। ਖਾਣ-ਪੀਣ ਦੀਆਂ ਵਸਤਾਂ ਦੇ ਨੇੜੇ ਚੂਹਿਆਂ ਦੇ ਮਲ-ਮੂਤਰ ਦੇ ਨਿਸ਼ਾਨ ਮਿਲੇ ਅਤੇ ਰਸੋਈ ਵਿੱਚ ਮੱਖੀਆਂ ਦੀ ਮੌਜੂਦਗੀ ਵੀ ਦਰਜ ਕੀਤੀ ਗਈ।
ਬਰਤਨ ਸਾਫ਼ ਕਰਨ ਦੇ ਪ੍ਰਬੰਧਾਂ ਵਿੱਚ ਵੀ ਕਈ ਕਮੀਆਂ ਸਾਹਮਣੇ ਆਈਆਂ। ਸਿਹਤ ਅਧਿਕਾਰੀਆਂ ਅਨੁਸਾਰ ਮਕੈਨੀਕਲ ਡਿਸ਼ਵਾਸ਼ਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਸੀ ਅਤੇ ਇਸ ਦੇ ਅੰਦਰ ਗੁਲਾਬੀ ਤੇ ਸੰਤਰੀ ਰੰਗ ਦੀ ਪਰਤ ਜੰਮੀ ਹੋਈ ਸੀ। ਇਸ ਤੋਂ ਇਲਾਵਾ ਸੈਨੇਟਾਈਜ਼ਰ ਲਈ ਲੋੜੀਂਦੇ ਬਕਟ ਜਾਂ ਸਪਰੇਅ ਬੋਤਲਾਂ ਵੀ ਰਸੋਈ ਵਿੱਚ ਉਪਲਬਧ ਨਹੀਂ ਸਨ।
ਲੰਗਰ ਤਿਆਰ ਕਰਨ ਵਾਲੀਆਂ ਮੇਜ਼ਾਂ ’ਤੇ ਗੰਦੇ ਅਤੇ ਗਿੱਲੇ ਕੱਪੜੇ ਪਏ ਮਿਲੇ। ਭਾਂਡੇ ਧੋਣ ਵਾਲੇ ਸਥਾਨ ’ਤੇ ਇੱਕ ਐਪਰਨ ਵੀ ਬਹੁਤ ਗੰਦਾ ਪਾਇਆ ਗਿਆ। ਇਸ ਤੋਂ ਇਲਾਵਾ ਖਾਣਾ ਤਿਆਰ ਕਰਨ ਲਈ ਵਰਤੇ ਜਾ ਰਹੇ ਕੜਛਿਆਂ, ਟੋਕਰੀਆਂ ਅਤੇ ਹੋਰ ਬਰਤਨਾਂ ਦੀ ਸਫ਼ਾਈ ਨੂੰ ਲੈ ਕੇ ਵੀ ਅਧਿਕਾਰੀਆਂ ਨੇ ਇਤਰਾਜ਼ ਜਤਾਇਆ।
ਜਾਂਚ ਵਿੱਚ ਸਬਜ਼ੀਆਂ ਕੱਟਣ ਲਈ ਵਰਤੇ ਜਾਂਦੇ ਪਲਾਸਟਿਕ ਅਤੇ ਲੱਕੜ ਦੇ ਕਟਿੰਗ ਬੋਰਡਾਂ ਦੀ ਹਾਲਤ ਵੀ ਠੀਕ ਨਹੀਂ ਮਿਲੀ। ਕੁਝ ਬੋਰਡਾਂ ’ਤੇ ਗੰਦਗੀ ਜੰਮੀ ਹੋਈ ਸੀ, ਜਦਕਿ ਕੁਝ ਟੁੱਟੇ ਹੋਏ ਸਨ। ਇਸੇ ਤਰ੍ਹਾਂ ਇੱਟਾਂ ਅਤੇ ਕੰਕਰੀਟ ਦੇ ਟੁਕੜਿਆਂ ਨਾਲ ਬਣੀਆਂ ਅਸਥਾਈ ਭੱਠੀਆਂ ਦੇ ਆਲੇ-ਦੁਆਲੇ ਵੀ ਸਫ਼ਾਈ ਦੇ ਢੁਕਵੇਂ ਪ੍ਰਬੰਧ ਨਹੀਂ ਮਿਲੇ।
AHS ਵੱਲੋਂ ਰਸੋਈ ਦੇ ਪ੍ਰਬੰਧਕਾਂ ਨੂੰ ਸੰਭਾਵਿਤ ਤੌਰ ’ਤੇ ਦੂਸ਼ਿਤ ਖਾਣਾ ਨਸ਼ਟ ਕਰਨ, ਪੂਰੀ ਰਸੋਈ ਦੀ ਸਫ਼ਾਈ ਕਰਵਾਉਣ ਅਤੇ ਚੂਹਿਆਂ ਤੇ ਹੋਰ ਕੀੜਿਆਂ ਦੀ ਰੋਕਥਾਮ ਲਈ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਭੋਜਨ ਤਿਆਰ ਕਰਨ ਵਾਲੇ ਸਟਾਫ਼ ਨੂੰ ਲੋੜੀਂਦੀ ਸਿਖਲਾਈ ਦੇਣ ਲਈ ਵੀ ਕਿਹਾ ਗਿਆ ਹੈ।
ਸਿਹਤ ਵਿਭਾਗ ਮੁਤਾਬਕ ਰਸੋਈ ਨੂੰ ਉਸ ਵੇਲੇ ਤੱਕ ਮੁੜ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਦੋਂ ਤੱਕ ਸਾਰੇ ਲੋੜੀਂਦੇ ਸੁਧਾਰ ਪੂਰੇ ਨਹੀਂ ਹੋ ਜਾਂਦੇ ਅਤੇ AHS ਦੇ ਅਧਿਕਾਰੀ ਇਨ੍ਹਾਂ ਪ੍ਰਬੰਧਾਂ ਤੋਂ ਸੰਤੁਸ਼ਟ ਨਹੀਂ ਹੁੰਦੇ। ਇਸ ਘਟਨਾ ਨੇ ਵੱਡੀ ਗਿਣਤੀ ਵਿੱਚ ਲੋਕਾਂ ਲਈ ਭੋਜਨ ਤਿਆਰ ਕਰਨ ਵਾਲੀਆਂ ਧਾਰਮਿਕ ਅਤੇ ਸਭਿਆਚਾਰਕ ਸੰਸਥਾਵਾਂ ਵਿੱਚ ਸਫ਼ਾਈ ਅਤੇ ਭੋਜਨ ਸੁਰੱਖਿਆ ਦੇ ਮਾਪਦੰਡਾਂ ’ਤੇ ਮੁੜ ਚਰਚਾ ਛੇੜ ਦਿੱਤੀ ਹੈ।







