ਕੈਨੇਡਾ ’ਚ ਨਸ਼ਾ ਸਟੋਰ ਬਣੇ ਲੁਟੇਰਿਆਂ ਦੇ ਨਿਸ਼ਾਨੇ, ਸਤੰਬਰ ’ਚ ਚਾਰ ਵਾਰਦਾਤਾਂ
ਕੈਨੇਡਾ ਵਿੱਚ ਨਸ਼ਾ ਵੇਚਣ ਵਾਲੀਆਂ ਦੁਕਾਨਾਂ ਨੂੰ ਲੁੱਟ ਦਾ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਵਿੱਚ ਅਚਾਨਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪ੍ਰਿੰਸ ਜਾਰਜ ਵਿੱਚ ਤਾਇਨਾਤ ਕੇਂਦਰੀ ਪੁਲੀਸ ਅਨੁਸਾਰ ਇਨ੍ਹਾਂ ਵਾਰਦਾਤਾਂ ਵਿੱਚ ਅਕਸਰ ਨਸ਼ੇ ਦੇ ਆਦੀ ਵਿਅਕਤੀਆਂ ਦੀ ਸ਼ਮੂਲੀਅਤ ਹੋਣ ਦਾ ਸ਼ੱਕ ਹੈ। ਪੁਲੀਸ ਮੁਤਾਬਕ ਲੁਟੇਰੇ ਨਸ਼ਾ ਸਟੋਰਾਂ ਨੂੰ ਅਜਿਹਾ ਨਿਸ਼ਾਨਾ ਸਮਝ ਰਹੇ ਹਨ, ਜਿੱਥੇ ਘੱਟ ਮਿਹਨਤ ਨਾਲ ਨਕਦੀ ਅਤੇ ਹੋਰ ਕੀਮਤੀ ਸਮਾਨ ਹਾਸਲ ਕੀਤਾ ਜਾ ਸਕਦਾ ਹੈ।
ਪੁਲੀਸ ਵੱਲੋਂ ਸਤੰਬਰ ਮਹੀਨੇ ਦੌਰਾਨ ਵਾਪਰੀਆਂ ਕਈ ਵਾਰਦਾਤਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪਹਿਲੀ ਘਟਨਾ 6 ਸਤੰਬਰ ਦੀ ਸ਼ਾਮ ਨੂੰ ਮੈਸੀ ਡਰਾਇਵ ਸਥਿਤ ਨਸ਼ਾ ਸਟੋਰ ਵਿੱਚ ਵਾਪਰੀ, ਜਿੱਥੇ ਲੁਟੇਰਿਆਂ ਨੇ ਕਾਮਿਆਂ ’ਤੇ ਬੀਅਰ ਸਪਰੇਅ ਦੀ ਵਰਤੋਂ ਕਰਕੇ ਨਕਦੀ ਅਤੇ ਕੁਝ ਕੀਮਤੀ ਸਮਾਨ ਲੁੱਟ ਲਿਆ।
ਇਸ ਤੋਂ ਅਗਲੇ ਦਿਨ 7 ਸਤੰਬਰ ਨੂੰ ਵੈਸਟਵੁੱਡ ਡਰਾਇਵ ਸਥਿਤ ਨਸ਼ਾ ਵਿਕਰੇਤਾ ਨੂੰ ਲੁੱਟਿਆ ਗਿਆ। ਪੁਲੀਸ ਮੁਤਾਬਕ ਲੁਟੇਰੇ ਨੇ ਚਾਕੂ ਵਿਖਾ ਕੇ ਉੱਥੋਂ ਨਕਦੀ ਖੋਹ ਲਈ। ਇਸੇ ਸਟੋਰ ਨੂੰ 13 ਸਤੰਬਰ ਨੂੰ ਮੁੜ ਨਿਸ਼ਾਨਾ ਬਣਾਇਆ ਗਿਆ। ਇਸ ਵਾਰ ਲੁਟੇਰਿਆਂ ਨੇ ਕਾਮੇ ’ਤੇ ਬੀਅਰ ਸਪਰੇਅ ਛਿੜਕਿਆ ਅਤੇ ਨਕਦੀ ਤੇ ਹੋਰ ਸਮਾਨ ਲੈ ਕੇ ਫ਼ਰਾਰ ਹੋ ਗਏ।
ਪੁਲੀਸ ਅਨੁਸਾਰ 19 ਸਤੰਬਰ ਨੂੰ ਵਾਪਰੀ ਤਾਜ਼ਾ ਘਟਨਾ ਵਿੱਚ ਸਟ੍ਰੈਥਕੋਨਾ ਐਵੇਨਿਊ ਸਥਿਤ ਨਸ਼ਾ ਸਟੋਰ ਦੇ ਸੇਲਜ਼ਮੈਨ ’ਤੇ ਬੀਅਰ ਸਪਰੇਅ ਦੀ ਵਰਤੋਂ ਕਰਕੇ ਕਾਫ਼ੀ ਸਮਾਨ ਲੁੱਟਿਆ ਗਿਆ। ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੇ ਚਿਹਰੇ ਢੱਕੇ ਹੋਏ ਸਨ ਅਤੇ ਕੁਝ ਮਾਮਲਿਆਂ ਵਿੱਚ ਕਾਮਿਆਂ ਦੇ ਮੋਬਾਈਲ ਫੋਨ ਵੀ ਖੋਹ ਲਏ ਗਏ।
ਹਾਲਾਂਕਿ ਇਨ੍ਹਾਂ ਸਾਰੀਆਂ ਘਟਨਾਵਾਂ ਦੌਰਾਨ ਕਿਸੇ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਨ੍ਹਾਂ ਵਾਰਦਾਤਾਂ ਨਾਲ ਸਬੰਧਤ ਕੋਈ ਜਾਣਕਾਰੀ ਹੈ ਤਾਂ ਉਹ ਪੁਲੀਸ ਨਾਲ ਸਾਂਝੀ ਕਰੇ, ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਾਰਵਾਈ ਕੀਤੀ ਜਾ ਸਕੇ।
ਪੁਲੀਸ ਮੁਤਾਬਕ ਕੈਨੇਡਾ ਦੇ ਹੋਰ ਸ਼ਹਿਰਾਂ ਤੋਂ ਵੀ ਨਸ਼ਾ ਸਟੋਰਾਂ ਨੂੰ ਲੁੱਟ ਦਾ ਨਿਸ਼ਾਨਾ ਬਣਾਏ ਜਾਣ ਸਬੰਧੀ ਇਸੇ ਤਰ੍ਹਾਂ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ।







