ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਸੈਕਟਰ-7 ਸਥਿਤ ਕੋਮੋ ਹਾਊਸ ਕਲੱਬ ਵਿੱਚ ਐੱਨ.ਆਰ.ਆਈ. ਵਿਦਿਆਰਥੀ ਧਰੁਵ ਤ੍ਰੇਹਨ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਫਰਾਰ ਪੰਜ ਮੁਲਜ਼ਮਾਂ ਵਿੱਚੋਂ ਚਾਰ ਨੂੰ ਕਰਨਾਲ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਲਦੀਪ ਸਿੰਘ (ਫਤਿਹਗੜ੍ਹ ਸਾਹਿਬ), ਜਗਦੀਪ ਸਿੰਘ ਕੰਗ ਉਰਫ਼ ਜੱਗੀ (ਰੂਪਨਗਰ), ਅਨੀਕੇਤ ਗੁਪਤਾ (ਚੰਡੀਗੜ੍ਹ ਸੈਕਟਰ-38) ਅਤੇ ਤਨਮਿੰਦਰ ਸਿੰਘ (ਬਠਿੰਡਾ) ਵਜੋਂ ਹੋਈ ਹੈ। ਪੁਲਿਸ ਹੁਣ ਅਦਾਲਤ ਤੋਂ ਰਿਮਾਂਡ ਲੈ ਕੇ ਬਾਕੀ ਫਰਾਰ ਮੁਲਜ਼ਮਾਂ ਦੀ ਭਾਲ ਕਰੇਗੀ।
ਜਾਣਕਾਰੀ ਅਨੁਸਾਰ 12 ਜੁਲਾਈ ਦੀ ਰਾਤ ਧਰੁਵ ਤ੍ਰੇਹਨ ਆਪਣੇ ਦੋਸਤ ਸਵਪਨ ਥਿੰਦ ਨਾਲ ਕੋਮੋ ਹਾਊਸ ਕਲੱਬ ਗਿਆ ਹੋਇਆ ਸੀ। ਇਸ ਦੌਰਾਨ ਕਲੱਬ ਦੇ ਬਾਹਰ ਸਵਪਨ ਥਿੰਦ ਅਤੇ ਅਨੀਕੇਤ ਗੁਪਤਾ ਵਿਚਕਾਰ ਬਹਿਸ ਹੋ ਗਈ। ਜਦੋਂ ਧਰੁਵ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਥਿਤ ਤੌਰ ‘ਤੇ ਅਨੀਕੇਤ ਦੇ ਸਾਥੀਆਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਸ਼ਿਕਾਇਤ ਅਨੁਸਾਰ ਹਮਲਾਵਰਾਂ ਨੇ ਮੁੱਕਿਆਂ, ਘੁੱਸਿਆਂ ਅਤੇ ਕੜੇ ਨਾਲ ਹਮਲਾ ਕਰਨ ਦੇ ਨਾਲ-ਨਾਲ ਮੇਜ਼ ਚੁੱਕ ਕੇ ਵੀ ਸੁੱਟਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਧਰੁਵ ਨੇ ਇਹ ਵੀ ਦੋਸ਼ ਲਾਇਆ ਕਿ ਅਨੀਕੇਤ ਨੇ ਆਪਣੇ ਆਪ ਨੂੰ ਜੱਜ ਦਾ ਪੁੱਤਰ ਦੱਸਦੇ ਹੋਏ ਉਸ ਅਤੇ ਉਸਦੇ ਪਰਿਵਾਰ ਨੂੰ ਗੋਲੀਆਂ ਮਾਰਣ ਦੀ ਧਮਕੀ ਦਿੱਤੀ।
ਇਸ ਤੋਂ ਬਾਅਦ ਮੁਲਜ਼ਮ ਕਥਿਤ ਤੌਰ ‘ਤੇ ਇੱਕ ਬੀਐੱਮਡਬਲਿਊ ਐਕਸ-7 ਗੱਡੀ ਵਿੱਚੋਂ ਹਥਿਆਰ ਕੱਢ ਕੇ ਲਿਆਏ ਅਤੇ ਉਨ੍ਹਾਂ ਨੂੰ ਲਹਿਰਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ। ਸ਼ਿਕਾਇਤ ਮੁਤਾਬਕ ਉਨ੍ਹਾਂ ਨੇ ਉੱਥੇ ਮੌਜੂਦ ਲੋਕਾਂ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਕਈ ਵਾਹਨਾਂ ਨੂੰ ਵੀ ਟੱਕਰਾਂ ਮਾਰੀਆਂ। ਇਸ ਹਮਲੇ ਦੌਰਾਨ ਧਰੁਵ ਦੇ ਸਿਰ, ਹੱਥ ਅਤੇ ਕੰਨ ‘ਤੇ ਸੱਟਾਂ ਲੱਗੀਆਂ। ਘਟਨਾ ਤੋਂ ਬਾਅਦ ਸੈਕਟਰ-26 ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।







