ਇਜ਼ਰਾਈਲ ਅਤੇ ਈਰਾਨ ਵਿਚਾਲੇ ਛਿੜੀ ਜੰਗ, 78 ਦੀ ਮੌਤ ਅਤੇ 300 ਤੋਂ ਵੱਧ ਜ਼ਖਮੀ

ਦੁਬਈ – ਮਿਧ-ਈਸਟ ਵਿੱਚ ਹਾਲਾਤ ਭਿਆਨਕ ਬਣਦੇ ਜਾ ਰਹੇ ਹਨ, ਜਿੱਥੇ ਇਜ਼ਰਾਈਲ ਅਤੇ ਈਰਾਨ ਵਿਚਾਲੇ ਭਾਰੀ ਹਮਲੇ ਹੋ ਰਹੇ ਹਨ। ਦੋਵੇਂ ਦੇਸ਼ ਇੱਕ ਦੂਜੇ ‘ਤੇ ਡਰੋਨ, ਮਿਜ਼ਾਈਲ ਅਤੇ ਜਹਾਜ਼ਾਂ ਰਾਹੀਂ ਹਮਲੇ ਕਰ ਰਹੇ ਹਨ, ਜਿਨ੍ਹਾਂ ‘ਚ ਨਿਸ਼ਾਨੇ ‘ਤੇ ਫੌਜੀ ਢਾਂਚੇ ਅਤੇ ਪ੍ਰਮਾਣੂ ਥਾਵਾਂ ਹਨ।

ਇਜ਼ਰਾਈਲ ਨੇ ਪਹਿਲਾ ਹਮਲਾ ਕਰਦਿਆਂ ਈਰਾਨ ਦੇ ਨੂਕਲਿਅਰ ਅਤੇ ਫੌਜੀ ਸਥਾਨਾਂ ਨੂੰ ਨਿਸ਼ਾਨਾ ਬਣਾਇਆ। ਜਵਾਬੀ ਵਜੋਂ, ਈਰਾਨ ਨੇ ਵੀ ਦਰਜਨਾਂ ਬੈਲਿਸਟਿਕ ਮਿਜ਼ਾਈਲਾਂ ਤੇਲ ਅਵੀਵ ਅਤੇ ਯੇਰੂਸ਼ਲਮ ਉੱਤੇ ਦਾਗੀਆਂ। ਧਮਾਕਿਆਂ ਕਾਰਨ ਇਲਾਕੇ ‘ਚ ਹਫੜਾਧਫੜੀ ਦਾ ਮਾਹੌਲ ਬਣ ਗਿਆ।

ਸਰਕਾਰੀ ਅੰਕੜਿਆਂ ਅਨੁਸਾਰ, ਇਜ਼ਰਾਈਲੀ ਹਮਲਿਆਂ ਵਿੱਚ 78 ਲੋਕਾਂ ਦੀ ਮੌਤ ਹੋਈ ਹੈ ਅਤੇ 320 ਤੋਂ ਵੱਧ ਲੋਕ ਜ਼ਖਮੀ ਹਨ। ਇਜ਼ਰਾਈਲ ਦੇ ਅੰਦਰ ਵੀ ਵੱਖ-ਵੱਖ ਹਮਲਿਆਂ ਵਿਚ 34 ਲੋਕ ਜ਼ਖਮੀ ਹੋਏ ਹਨ।

ਸੁਪਰੀਮ ਲੀਡਰ ਅਲੀ ਖਮੇਨੀ ਨੇ ਹਮਲਿਆਂ ਨੂੰ ਲੈ ਕੇ ਕਿਹਾ ਕਿ “ਉਹ ਕਿਸੇ ਵੀ ਹਮਲਾਵਰ ਨੂੰ ਬਚ ਕੇ ਨਹੀਂ ਜਾਣ ਦੇਣਗੇ।” ਉਨ੍ਹਾਂ ਦੀ ਗੱਲ ਨੂੰ ਵਧੇਰੇ ਗੰਭੀਰਤਾ ਮਿਲੀ ਜਦ ਤਹਿਰਾਨ ਵਿਚ ਹਵਾਈ ਰੱਖਿਆ ਪ੍ਰਣਾਲੀ ਤੇ ਧਮਾਕਿਆਂ ਦੀਆਂ ਆਵਾਜ਼ਾਂ, ਅਤੇ ਇੱਕ ਹਵਾਈ ਅੱਡੇ ‘ਤੇ ਅੱਗ ਲੱਗਣ ਦੀ ਘਟਨਾ ਹੋਈ।

ਇਕ ਅਮਰੀਕੀ ਅਧਿਕਾਰੀ ਮੁਤਾਬਕ, ਇਲਾਕੇ ਵਿੱਚ ਮੌਜੂਦ ਅਮਰੀਕੀ ਡਿਫੈਂਸ ਸਿਸਟਮ ਨੇ ਇਜ਼ਰਾਈਲ ਉੱਤੇ ਹੋ ਰਹੇ ਹਮਲਿਆਂ ਨੂੰ ਰੋਕਣ ਵਿੱਚ ਮਦਦ ਕੀਤੀ। ਇਜ਼ਰਾਈਲ ਨੇ ਵੀ ਨਤਾਂਜ਼ ਅਤੇ ਫੋਰਡੋ ਵਿੱਚ ਪ੍ਰਮਾਣੂ ਢਾਂਚਿਆਂ ‘ਤੇ ਹਮਲੇ ਕਰਕੇ ਹਮਲਿਆਂ ਦੀ ਸਪੀਡ ਤੇਜ਼ ਕਰ ਦਿੱਤੀ ਹੈ।