ਹਵਾਈ ਅੱਡੇ ’ਤੇ ਚੱਲੀਆਂ ਗੋਲੀਆਂ, ਗੋਲੀਬਾਰੀ ਨਾਲ ਮਚਿਆ ਹੜਕੰਪ

ਵਾਰਾਣਸੀ ਏਅਰਪੋਰਟ ’ਤੇ ਲਾਇਸੈਂਸੀ ਪਿਸਤੌਲ ਤੋਂ ਚੱਲੀ ਗੋਲੀ, 2 ਕਰਮਚਾਰੀ ਜ਼ਖਮੀ

ਵਾਰਾਣਸੀ, 16 ਅਗਸਤ 2026: ਉੱਤਰ ਪ੍ਰਦੇਸ਼ ਦੇ ਵਾਰਾਣਸੀ ਸਥਿਤ ਬਾਬਤਪੁਰ ਦੇ ਲਾਲ ਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਕ੍ਰੀਨਿੰਗ ਦੌਰਾਨ ਇੱਕ ਲਾਇਸੈਂਸੀ ਪਿਸਤੌਲ ਤੋਂ ਅਚਾਨਕ ਗੋਲੀ ਚੱਲਣ ਕਾਰਨ ਦੋ ਕਰਮਚਾਰੀ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਇੱਕ ਮਹਿਲਾ ਸੁਰੱਖਿਆ ਏਜੰਸੀ ਕਰਮਚਾਰੀ ਵੀ ਸ਼ਾਮਲ ਹੈ।

ਜਾਣਕਾਰੀ ਮੁਤਾਬਕ ਮਹਿਲਾ ਕਰਮਚਾਰੀ ਦੀ ਸੱਜੀ ਲੱਤ ਅਤੇ ਪਿੱਠ ਦੇ ਹੇਠਲੇ ਹਿੱਸੇ ਵਿੱਚ ਗੋਲੀ ਲੱਗੀ, ਜਦਕਿ ਦੂਜੇ ਕਰਮਚਾਰੀ ਦੇ ਸੱਜੇ ਹੱਥ ’ਤੇ ਸੱਟ ਲੱਗੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਕਮਿਸ਼ਨਰ ਮੋਹਿਤ ਅਗਰਵਾਲ ਸਮੇਤ ਹੋਰ ਅਧਿਕਾਰੀ ਏਅਰਪੋਰਟ ’ਤੇ ਪਹੁੰਚੇ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੁੱਢਲੀ ਜਾਣਕਾਰੀ ਅਨੁਸਾਰ ਇੱਕ ਸਾਬਕਾ ਸੈਨਿਕ ਆਪਣੀ ਪਤਨੀ ਨਾਲ ਏਅਰ ਇੰਡੀਆ ਦੀ ਉਡਾਣ ਰਾਹੀਂ ਮੁੰਬਈ ਜਾਣ ਵਾਲਾ ਸੀ। ਉਸ ਨੇ ਨਿਯਮਾਂ ਮੁਤਾਬਕ ਆਪਣੇ ਲਾਇਸੈਂਸੀ ਹਥਿਆਰ ਨੂੰ ਜਹਾਜ਼ ਰਾਹੀਂ ਲਿਜਾਣ ਲਈ ਪਹਿਲਾਂ ਹੀ ਆਨਲਾਈਨ ਬੁਕਿੰਗ ਕਰਵਾਈ ਹੋਈ ਸੀ।

ਸਕ੍ਰੀਨਿੰਗ ਦੌਰਾਨ ਜਾਂਚ ਵਿੱਚ ਸਾਹਮਣੇ ਆਇਆ ਕਿ ਪਿਸਤੌਲ ਲੋਡ ਸੀ। ਇਸੇ ਦੌਰਾਨ ਹਥਿਆਰ ਦੀ ਜਾਂਚ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ। ਗੋਲੀ ਪਹਿਲਾਂ ਫਰਸ਼ ਨਾਲ ਟਕਰਾਈ ਅਤੇ ਇਸ ਤੋਂ ਬਾਅਦ ਬਿਹਾਰ ਦੀ 27 ਸਾਲਾ ਮਹਿਲਾ ਸਕ੍ਰੀਨਰ ਸੁਮਨ ਦੇ ਪੱਟ ਵਿੱਚ ਜਾ ਲੱਗੀ। ਨੇੜੇ ਮੌਜੂਦ ਇੱਕ ਹੋਰ ਕਰਮਚਾਰੀ ਵੀ ਇਸ ਘਟਨਾ ਵਿੱਚ ਜ਼ਖਮੀ ਹੋ ਗਿਆ।

ਪੁਲਿਸ ਵੱਲੋਂ ਘਟਨਾ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਸਕ੍ਰੀਨਿੰਗ ਦੌਰਾਨ ਹਥਿਆਰ ਲੋਡ ਹੋਣ ਦੀ ਸਥਿਤੀ ਵਿੱਚ ਕਿਵੇਂ ਪਹੁੰਚਿਆ।