ਸੁਖਬੀਰ ਬਾਦਲ ’ਤੇ ਹਮਲੇ ਮਗਰੋਂ ਹਰਸਿਮਰਤ ਬਾਦਲ ਦਾ ਭਾਵੁਕ ਬਿਆਨ, ‘ਸਾਡੀ ਆਵਾਜ਼ ਦਬਾਈ ਨਹੀਂ ਜਾ ਸਕਦੀ’

ਈਸੜੂ ’ਚ ਸੁਖਬੀਰ ਬਾਦਲ ’ਤੇ ਹਮਲੇ ਨੂੰ ਲੈ ਕੇ ਹਰਸਿਮਰਤ ਬਾਦਲ ਭਾਵੁਕ, ਕਿਹਾ- ਅਕਾਲੀ ਦਲ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸ਼ਨੀਵਾਰ ਨੂੰ ਈਸੜੂ ਵਿਖੇ ਸ਼ਹੀਦੀ ਸਮਾਗਮ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਅਕਾਲੀ ਦਲ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।

ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿੱਚ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਹਰਸਿਮਰਤ ਕੌਰ ਬਾਦਲ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਹ ਲੜਾਈ ਪੰਜਾਬ ਅਤੇ ਪੰਥ ਦੀ ਰੱਖਿਆ ਨਾਲ ਜੁੜੀ ਹੋਈ ਹੈ ਅਤੇ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਵਰਕਰਾਂ ਦੇ ਹੌਸਲੇ ਕਾਇਰਾਨਾ ਹਮਲਿਆਂ ਨਾਲ ਨਹੀਂ ਟੁੱਟ ਸਕਦੇ।

ਆਪਣੇ ਸੰਬੋਧਨ ਦੌਰਾਨ ਹਰਸਿਮਰਤ ਬਾਦਲ ਨੇ ਗੁਰੂ ਸਾਹਿਬ ’ਤੇ ਆਪਣਾ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਜਿੱਥੋਂ ਆਸ਼ੀਰਵਾਦ ਲੈ ਕੇ ਆਏ ਹਨ, ਉੱਥੋਂ ਹੋਰ ਮਜ਼ਬੂਤ ਹੋ ਕੇ ਵਾਪਸ ਆਉਣਗੇ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਲੜਾਈ ਹੈ ਅਤੇ ਸੁਖਬੀਰ ਬਾਦਲ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਤਿਆਰ ਹਨ।

ਹਰਸਿਮਰਤ ਬਾਦਲ ਨੇ ਦੱਸਿਆ ਕਿ ਹਸਪਤਾਲ ਵਿੱਚ ਇਲਾਜ ਅਧੀਨ ਹੋਣ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਈਸੜੂ ਦੇ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਭੇਜਿਆ। ਉਨ੍ਹਾਂ ਇਸ ਨੂੰ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਸੁਖਬੀਰ ਬਾਦਲ ਦੀ ਵਚਨਬੱਧਤਾ ਦੱਸਿਆ।

ਇਸ ਮੌਕੇ ਉਨ੍ਹਾਂ ਗੁਰਬਾਣੀ ਦੀ ਤੁਕ “ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ” ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਗੁਰੂ ਸਾਹਿਬ ’ਤੇ ਪੂਰਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਜਦੋਂ ਗੁਰੂ ਸਾਹਿਬ ਨੇ ਸੁਖਬੀਰ ਬਾਦਲ ਦੀ ਦੋ ਵਾਰ ਰੱਖਿਆ ਕੀਤੀ ਹੈ ਤਾਂ ਕੋਈ ਵੀ ਉਨ੍ਹਾਂ ਦਾ ਨੁਕਸਾਨ ਨਹੀਂ ਕਰ ਸਕਦਾ।

ਮਹੇਸ਼ਇੰਦਰ ਸਿੰਘ ਗ੍ਰੇਵਾਲ ਨੇ ਵੀ ਕੀਤਾ ਸੰਬੋਧਨ

ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗ੍ਰੇਵਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਨੂੰ ਪਿਛਲੇ ਸਮੇਂ ਦੌਰਾਨ ਵੀ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਉਨ੍ਹਾਂ ਨੇ ਗੁਰਚਰਨ ਸਿੰਘ ਟੋਹੜਾ, ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਕਿਰਪਾਲ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਈਆਂ।

ਜ਼ਿਕਰਯੋਗ ਹੈ ਕਿ ਹਰ ਸਾਲ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਦੇ ਈਸੜੂ ਵਿਖੇ ਸੂਬਾ ਪੱਧਰੀ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ। ਇਸ ਸਮਾਗਮ ਵਿੱਚ ਪੰਜਾਬ ਦੀਆਂ ਵੱਖ-ਵੱਖ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਸ਼ਿਰਕਤ ਕਰਦੇ ਹਨ।