ਰਾਣੀ ਮੁਖਰਜੀ ਨੂੰ ਲਾ ਟ੍ਰੋਬ ਯੂਨੀਵਰਸਿਟੀ ਦਾ ਮਾਨਦ ਡਾਕਟਰੇਟ ਸਨਮਾਨ, ਸ਼ਾਹਰੁਖ ਖਾਨ ਤੋਂ ਬਾਅਦ ਹਾਸਲ ਕੀਤੀ ਇਹ ਉਪਲਬਧੀ

ਰਾਣੀ ਮੁਖਰਜੀ ਨੇ ਆਪਣੇ ਲਗਭਗ ਤਿੰਨ ਦਹਾਕਿਆਂ ਦੇ ਫਿਲਮੀ ਕਰੀਅਰ ਦੌਰਾਨ ਕਈ ਯਾਦਗਾਰ ਕਿਰਦਾਰ ਨਿਭਾਏ ਹਨ। ‘ਕੁਝ ਕੁਝ ਹੁੰਦਾ ਹੈ’ ਦੀ ਟੀਨਾ ਤੋਂ ਲੈ ਕੇ ‘ਬਲੈਕ’, ‘ਮਰਦਾਨੀ’ ਅਤੇ ‘ਹਿਚਕੀ’ ਵਰਗੀਆਂ ਫਿਲਮਾਂ ਤੱਕ, ਉਨ੍ਹਾਂ ਦੀ ਅਦਾਕਾਰੀ ਨੇ ਨਾ ਸਿਰਫ਼ ਬਾਕਸ ਆਫਿਸ ’ਤੇ ਕਾਮਯਾਬੀ ਹਾਸਲ ਕੀਤੀ, ਸਗੋਂ ਦਰਸ਼ਕਾਂ ਦੇ ਦਿਲਾਂ ਵਿੱਚ ਵੀ ਖਾਸ ਥਾਂ ਬਣਾਈ।

ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਨੂੰ ਮਾਨਤਾ ਦਿੰਦਿਆਂ ਆਸਟ੍ਰੇਲੀਆ ਦੀ ਲਾ ਟ੍ਰੋਬ ਯੂਨੀਵਰਸਿਟੀ ਨੇ ਰਾਣੀ ਮੁਖਰਜੀ ਨੂੰ ਮਾਨਦ ਡਾਕਟਰੇਟ ਨਾਲ ਸਨਮਾਨਿਤ ਕੀਤਾ ਹੈ। ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ 2026 ਦੌਰਾਨ ਫੈਡਰੇਸ਼ਨ ਸਕੁਏਅਰ ਵਿੱਚ ਹੋਏ ਇੱਕ ਵਿਸ਼ੇਸ਼ ਸਮਾਗਮ ਵਿੱਚ ਉਨ੍ਹਾਂ ਨੂੰ ਆਨਰੇਰੀ ਡਾਕਟਰ ਆਫ ਲੈਟਰਜ਼ ਦੀ ਉਪਾਧੀ ਪ੍ਰਦਾਨ ਕੀਤੀ ਗਈ।

ਇਸ ਸਨਮਾਨ ਨਾਲ ਰਾਣੀ ਮੁਖਰਜੀ ਸ਼ਾਹਰੁਖ ਖਾਨ ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲੀ ਦੂਜੀ ਭਾਰਤੀ ਫਿਲਮੀ ਸ਼ਖਸੀਅਤ ਬਣ ਗਈ ਹੈ। ਯੂਨੀਵਰਸਿਟੀ ਨੇ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੀ ਲੰਬੇ ਸਮੇਂ ਦੀ ਸੇਵਾ ਅਤੇ ਪ੍ਰਭਾਵਸ਼ਾਲੀ ਯੋਗਦਾਨ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਨਮਾਨ ਦਿੱਤਾ ਹੈ।

ਸਨਮਾਨ ਪ੍ਰਾਪਤ ਕਰਨ ਮੌਕੇ ਰਾਣੀ ਨੇ ਇਸ ਨੂੰ ਆਪਣੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਪਲਾਂ ਵਿੱਚੋਂ ਇੱਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਆਪਣੇ ਕਰੀਅਰ ਦੌਰਾਨ ਉਹ ਹਮੇਸ਼ਾ ਚੁਣੌਤੀਪੂਰਨ ਅਤੇ ਅਰਥਪੂਰਨ ਕਹਾਣੀਆਂ ਨਾਲ ਜੁੜਨ ਦੀ ਕੋਸ਼ਿਸ਼ ਕਰਦੀ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸਿਨੇਮਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਵੀ ਹੈ।

ਰਾਣੀ ਮੁਖਰਜੀ ਨੇ ਕਿਹਾ ਕਿ ਉਹ ਖਾਸ ਤੌਰ ’ਤੇ ਅਜਿਹੀਆਂ ਫਿਲਮਾਂ ਦਾ ਹਿੱਸਾ ਬਣਨਾ ਚਾਹੁੰਦੀ ਸੀ, ਜਿਨ੍ਹਾਂ ਵਿੱਚ ਮਹਿਲਾਵਾਂ ਨੂੰ ਮਜ਼ਬੂਤ, ਆਤਮਨਿਰਭਰ ਅਤੇ ਫ਼ੈਸਲੇ ਲੈਣ ਵਾਲੀਆਂ ਸ਼ਖਸੀਅਤਾਂ ਵਜੋਂ ਦਰਸਾਇਆ ਜਾਵੇ। ਉਨ੍ਹਾਂ ਦੇ ਅਨੁਸਾਰ, ਫਿਲਮਾਂ ਲੋਕਾਂ ਦੀ ਸੋਚ ਅਤੇ ਭਾਵਨਾਵਾਂ ’ਤੇ ਡੂੰਘਾ ਪ੍ਰਭਾਵ ਛੱਡ ਸਕਦੀਆਂ ਹਨ ਅਤੇ ਕਲਾਕਾਰ ਆਪਣੀ ਸੰਸਕ੍ਰਿਤੀ ਦੇ ਦੂਤ ਵਜੋਂ ਵੀ ਭੂਮਿਕਾ ਨਿਭਾਉਂਦੇ ਹਨ।

ਉਨ੍ਹਾਂ ਇਹ ਮਾਨਦ ਡਾਕਟਰੇਟ ਆਪਣੇ ਪ੍ਰਸ਼ੰਸਕਾਂ ਅਤੇ ਦੁਨੀਆ ਭਰ ਦੇ ਦਰਸ਼ਕਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਵਿੱਚ ਭਾਰਤੀ ਸਿਨੇਮਾ ਅਤੇ ਸੰਸਕ੍ਰਿਤੀ ਨੂੰ ਮਿਲ ਰਹੀ ਮਾਨਤਾ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਲਾ ਟ੍ਰੋਬ ਯੂਨੀਵਰਸਿਟੀ ਇਸ ਤੋਂ ਪਹਿਲਾਂ 2019 ਵਿੱਚ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੂੰ ਵੀ ਮਾਨਦ ਡਾਕਟਰੇਟ ਨਾਲ ਸਨਮਾਨਿਤ ਕਰ ਚੁੱਕੀ ਹੈ।