ਮੁਹਾਲੀ, 9 ਅਕਤੂਬਰ: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਦਾ 10 ਅਕਤੂਬਰ ਨੂੰ ਮੁਹਾਲੀ ਵਿੱਚ ਹੋਣ ਵਾਲਾ ਸੰਗੀਤਕ ਸ਼ੋਅ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਮਾਜਿਕ ਕਾਰਕੁਨ ਪ੍ਰੋ. ਪੰਡਿਤ ਰਾਓ ਧਰੇਨਵਰ ਨੇ ਇਸ ਸਬੰਧੀ ਮੁਹਾਲੀ ਪੁਲੀਸ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ੋਅ ਦੌਰਾਨ ਹਥਿਆਰਾਂ, ਸ਼ਰਾਬ, ਅਫੀਮ ਅਤੇ ਹੋਰ ਨਸ਼ਿਆਂ ਦੀ ਵਡਿਆਈ ਕਰਨ ਵਾਲੇ ਗੀਤ ਗਾਉਣ ’ਤੇ ਰੋਕ ਯਕੀਨੀ ਬਣਾਈ ਜਾਵੇ।
ਜੈਸਮੀਨ ਸੈਂਡਲਾਸ ਆਪਣੇ ‘ਡ੍ਰੀਮ ਗਰਲ ਇੰਡੀਆ ਟੂਰ’ ਤਹਿਤ 10 ਅਕਤੂਬਰ ਨੂੰ ਸੀਪੀ-67 ਮਾਲ ਦੇ ਬਾਹਰੀ ਅਰੀਨਾ ਵਿੱਚ ਪੇਸ਼ਕਾਰੀ ਦੇਵੇਗੀ। ਇਸ ਮਾਮਲੇ ਬਾਰੇ ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਪੱਤਰ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਿਯਮਾਂ ਅਤੇ ਭਾਵਨਾ ਦੇ ਉਲਟ ਕਿਸੇ ਵੀ ਗਤੀਵਿਧੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੰਜਾਬੀ ਪੌਪ ਅਤੇ ਹਿੱਪ-ਹੌਪ ਗਾਇਕਾ ਜੈਸਮੀਨ ਸੈਂਡਲਾਸ ‘ਇਲੀਗਲ ਵੈਪਨ’, ‘ਬੰਬ ਜੱਟ’ ਅਤੇ ‘ਵ੍ਹਿਸਕੀ ਦੀ ਬੋਤਲ’ ਵਰਗੇ ਗੀਤਾਂ ਨਾਲ ਚਰਚਾ ਵਿੱਚ ਰਹੀ ਹੈ। ਇਨ੍ਹਾਂ ਗੀਤਾਂ ਵਿੱਚ ਹਥਿਆਰਾਂ ਅਤੇ ਸ਼ਰਾਬ ਦਾ ਜ਼ਿਕਰ ਕੀਤਾ ਗਿਆ ਹੈ। ਇਸੇ ਦੇ ਮੱਦੇਨਜ਼ਰ ਪ੍ਰੋ. ਧਰੇਨਵਰ ਨੇ ਪੁਲੀਸ ਨੂੰ ਅਪੀਲ ਕੀਤੀ ਹੈ ਕਿ ਸ਼ੋਅ ਦੌਰਾਨ ਅਜਿਹੀ ਸਮੱਗਰੀ ਪੇਸ਼ ਨਾ ਕੀਤੀ ਜਾਵੇ, ਜੋ ਨਸ਼ਿਆਂ ਜਾਂ ਹਥਿਆਰਾਂ ਨੂੰ ਉਤਸ਼ਾਹਿਤ ਕਰਦੀ ਹੋਵੇ।
ਇਸ ਤੋਂ ਪਹਿਲਾਂ ਵੀ ਪ੍ਰੋ. ਪੰਡਿਤ ਰਾਓ ਧਰੇਨਵਰ ਨੇ 14 ਮਾਰਚ ਨੂੰ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਗਾਇਕ ਕਰਨ ਔਜਲਾ ਦੇ ਸ਼ੋਅ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਅਤੇ ਪੁਲੀਸ ਕੋਲ ਪਹੁੰਚ ਕੀਤੀ ਸੀ। ਉਸ ਸਮੇਂ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਗਾਇਕ ਨੂੰ ਔਰਤਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਅਤੇ ਸ਼ਰਾਬ ਪੀਣ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਤੋਂ ਗੁਰੇਜ਼ ਕਰਨ ਲਈ ਕਿਹਾ ਜਾਵੇ। ਇਸ ਮਗਰੋਂ ਪੁਲੀਸ ਨੇ ਕਰਨ ਔਜਲਾ ਦੀ ਮੈਨੇਜਮੈਂਟ ਨੂੰ ਸਪੱਸ਼ਟ ਕੀਤਾ ਸੀ ਕਿ ਮੁਹਾਲੀ ਵਿੱਚ ਹੋਣ ਵਾਲੇ ਸ਼ੋਅ ਦੌਰਾਨ ਗ਼ਲਤ ਸ਼ਬਦਾਵਲੀ ਜਾਂ ਇਤਰਾਜ਼ਯੋਗ ਸਮੱਗਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।







