ਭਾਰਤ-ਅਮਰੀਕਾ ਰਿਸ਼ਤਿਆਂ ’ਤੇ ਸਾਬਕਾ ਡਿਪਲੋਮੈਟ ਦਾ ਅਹਿਮ ਖੁਲਾਸਾ

ਸਾਬਕਾ ਡਿਪਲੋਮੈਟ ਰਾਜੀਵ ਡੋਗਰਾ ਨੇ ਭਾਰਤ-ਅਮਰੀਕਾ ਸਬੰਧਾਂ ਬਾਰੇ ਰੱਖਿਆ ਆਪਣਾ ਨਜ਼ਰੀਆ

ਸਾਬਕਾ ਡਿਪਲੋਮੈਟ ਰਾਜੀਵ ਡੋਗਰਾ ਨੇ ਆਪਣੀ ਨਵੀਂ ਕਿਤਾਬ ਵਿੱਚ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਬਾਰੇ ਕਈ ਅਹਿਮ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਮੁਤਾਬਕ ਭਾਰਤ ਆਰਥਿਕ ਮਦਦ ਜਾਂ ਰਣਨੀਤਕ ਸੁਰੱਖਿਆ ਲਈ ਅਮਰੀਕਾ ’ਤੇ ਨਿਰਭਰ ਨਹੀਂ ਹੈ, ਪਰ ਇਸ ਦੇ ਬਾਵਜੂਦ ਡੋਨਲਡ ਟਰੰਪ ਦੀਆਂ ਨੀਤੀਆਂ ਦੇ ਪ੍ਰਭਾਵ ਤੋਂ ਭਾਰਤ ਪੂਰੀ ਤਰ੍ਹਾਂ ਅਛੂਤਾ ਨਹੀਂ ਰਹਿ ਸਕਿਆ।

ਇਟਲੀ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਰਾਜੀਵ ਡੋਗਰਾ ਨੇ ‘ਹਾਓ ਨੇਸ਼ਨਜ਼ ਫੇਲ ਐਂਡ ਦਿ ਅਨਮੇਕਿੰਗ ਆਫ ਅਮੈਰਿਕਾਜ਼ ਵਰਲਡ’ ਨਾਮੀ ਕਿਤਾਬ ਵਿੱਚ ਸਭਿਅਤਾਵਾਂ, ਸਾਮਰਾਜਾਂ ਅਤੇ ਰਾਸ਼ਟਰਾਂ ਦੇ ਉਭਾਰ ਤੇ ਪਤਨ ਦਾ ਵਿਸ਼ਲੇਸ਼ਣ ਕੀਤਾ ਹੈ। ਇਹ ਕਿਤਾਬ ਰੂਪਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਡੋਗਰਾ ਦਾ ਮੰਨਣਾ ਹੈ ਕਿ ਅਮਰੀਕਾ ਇਤਿਹਾਸਕ ਤੌਰ ’ਤੇ ਭਾਰਤ ਦਾ ਕੋਈ ਪੱਕਾ ਜਾਂ ਭਰੋਸੇਮੰਦ ਦੋਸਤ ਨਹੀਂ ਰਿਹਾ। ਉਨ੍ਹਾਂ ਅਨੁਸਾਰ ਅਮਰੀਕਾ ਲੰਬੇ ਸਮੇਂ ਤੋਂ ਵਿਸ਼ਵ ਪੱਧਰ ’ਤੇ ਆਪਣੇ ਪ੍ਰਭਾਵ ਅਤੇ ਤਾਕਤ ਦੇ ਆਧਾਰ ’ਤੇ ਆਪਣੀਆਂ ਸ਼ਰਤਾਂ ਮਨਵਾਉਣ ਦੀ ਕੋਸ਼ਿਸ਼ ਕਰਦਾ ਆਇਆ ਹੈ ਅਤੇ ਟਰੰਪ ਦੀਆਂ ਨੀਤੀਆਂ ਨੇ ਇਸ ਰੁਝਾਨ ਨੂੰ ਹੋਰ ਤਿੱਖਾ ਕੀਤਾ ਹੈ।

ਡੋਗਰਾ ਨੇ ਕਿਹਾ ਕਿ ਜਿਹੜੇ ਦੇਸ਼ ਕਿਸੇ ਨਾ ਕਿਸੇ ਪੱਖੋਂ ਅਮਰੀਕਾ ’ਤੇ ਨਿਰਭਰ ਹਨ, ਉਹ ਅਕਸਰ ਟਰੰਪ ਦੀਆਂ ਮੰਗਾਂ ਅੱਗੇ ਝੁਕਣ ਲਈ ਮਜਬੂਰ ਹੋਏ ਹਨ। ਉਨ੍ਹਾਂ ਦੇ ਵਿਚਾਰ ਅਨੁਸਾਰ ਭਾਰਤ ਦੀ ਸਥਿਤੀ ਵੱਖਰੀ ਹੈ, ਕਿਉਂਕਿ ਉਹ ਨਾ ਤਾਂ ਅਮਰੀਕਾ ਦਾ ਰਵਾਇਤੀ ਸਹਿਯੋਗੀ ਹੈ ਅਤੇ ਨਾ ਹੀ ਉਸ ਦਾ ਵਿਰੋਧੀ।

ਉਨ੍ਹਾਂ ਨੇ ਇਹ ਵੀ ਦਲੀਲ ਦਿੱਤੀ ਕਿ ਭਾਰਤ ਲਈ ਵਿਕਲਪ ਵੀ ਬਹੁਤ ਆਸਾਨ ਨਹੀਂ ਹਨ। ਡੋਗਰਾ ਮੁਤਾਬਕ ਯੂਰਪ ਖ਼ੁਦ ਸੁਰੱਖਿਆ ਪੱਖੋਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਨੂੰ ਰੂਸੀ ਖ਼ਤਰੇ ਨਾਲ ਨਜਿੱਠਣ ਲਈ ਆਪਣੀ ਸੈਨਿਕ ਸਮਰੱਥਾ ਬਾਰੇ ਵੀ ਚਿੰਤਾਵਾਂ ਹਨ।

ਇਸੇ ਤਰ੍ਹਾਂ ਉਨ੍ਹਾਂ ਨੇ ਰੂਸ ਦੇ ਚੀਨ, ਇਰਾਨ ਅਤੇ ਉੱਤਰੀ ਕੋਰੀਆ ਨਾਲ ਵਧ ਰਹੇ ਸਬੰਧਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਸੇ ਸੰਕਟ ਦੀ ਸਥਿਤੀ ਵਿੱਚ ਇਨ੍ਹਾਂ ਦੇਸ਼ਾਂ ਤੋਂ ਭਾਰਤ ਨੂੰ ਸਿੱਧੀ ਮਦਦ ਮਿਲਣ ਦੀ ਉਮੀਦ ਕਰਨਾ ਵੀ ਆਸਾਨ ਨਹੀਂ ਹੋਵੇਗਾ।

ਡੋਗਰਾ ਦੇ ਅਨੁਸਾਰ, ਅਜਿਹੇ ਕੌਮਾਂਤਰੀ ਹਾਲਾਤਾਂ ਵਿੱਚ ਅਮਰੀਕਾ ਵੱਲੋਂ ਸਮੇਂ-ਸਮੇਂ ’ਤੇ ਮਿਲਣ ਵਾਲੇ ਸੀਮਤ ਰਣਨੀਤਕ ਲਾਭ ਉਨ੍ਹਾਂ ਸੰਭਾਵਿਤ ਲੰਬੇ ਸਮੇਂ ਦੇ ਨੁਕਸਾਨਾਂ ਦੀ ਪੂਰਤੀ ਨਹੀਂ ਕਰ ਸਕਦੇ, ਜਿਨ੍ਹਾਂ ਦਾ ਸਾਹਮਣਾ ਭਾਰਤ ਨੂੰ ਕਰਨਾ ਪੈ ਸਕਦਾ ਹੈ। ਉਨ੍ਹਾਂ ਭਾਰਤ ਲਈ ਆਪਣੀ ਰਣਨੀਤਕ ਖੁਦਮੁਖਤਿਆਰੀ ਨੂੰ ਮਜ਼ਬੂਤ ਰੱਖਣ ਦੀ ਲੋੜ ਵੱਲ ਇਸ਼ਾਰਾ ਕੀਤਾ ਹੈ।