ਫਾਜ਼ਿਲਕਾ ਪੁਲੀਸ ਵੱਲੋਂ 4 ਕਿਲੋ ਹੈਰੋਇਨ ਬਰਾਮਦ, ਤਿੰਨ ਕਥਿਤ ਨਸ਼ਾ ਤਸਕਰ ਕਾਬੂ
ਫਾਜ਼ਿਲਕਾ ਪੁਲੀਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ 4 ਕਿਲੋਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ 29 ਸਤੰਬਰ ਨੂੰ ਸੀ.ਆਈ.ਏ. ਫਾਜ਼ਿਲਕਾ ਦੇ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਏਐੱਸਆਈ ਰਣਜੀਤ ਸਿੰਘ ਸਮੇਤ ਪੁਲੀਸ ਪਾਰਟੀ ਗਸ਼ਤ ’ਤੇ ਸੀ।
ਪੁਲੀਸ ਪਾਰਟੀ ਜਦੋਂ ਪਿੰਡ ਜੱਲਾ ਲੱਖੇ ਕੇ ਹਿਠਾੜ (ਧੁੰਨਕੀਆਂ) ਤੋਂ ਅੱਗੇ ਢਾਣੀ ਬਚਨ ਸਿੰਘ ਨੇੜੇ ਭਾਰਤ-ਪਾਕਿਸਤਾਨ ਸਰਹੱਦ ਵੱਲ ਜਾਂਦੇ ਕੱਚੇ ਰਸਤੇ ਦੇ ਟੀ-ਪੁਆਇੰਟ ਕੋਲ ਪਹੁੰਚੀ ਤਾਂ ਖੇਤਾਂ ਵਿੱਚ ਮੋਟਰ ਵਾਲੇ ਕਮਰੇ ਕੋਲ ਤਿੰਨ ਵਿਅਕਤੀ ਸ਼ੱਕੀ ਹਾਲਤ ਵਿੱਚ ਨਜ਼ਰ ਆਏ। ਇਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਪਲਾਸਟਿਕ ਦਾ ਗੱਟਾ ਸੀ। ਪੁਲੀਸ ਨੂੰ ਦੇਖ ਕੇ ਤਿੰਨਾਂ ਨੇ ਮੋਟਰ ਵਾਲੇ ਕਮਰੇ ਦੀ ਆੜ ਵਿੱਚ ਲੁਕਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਪੁਲੀਸ ਮੁਤਾਬਕ ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਸੰਜੀਵ ਸਿੰਘ ਉਰਫ਼ ਸੰਜੂ, ਧੀਰਜਪਾਲ ਉਰਫ਼ ਧੀਰਜ ਅਤੇ ਮਨਦੀਪ ਸਿੰਘ ਉਰਫ਼ ਦੀਪੀ ਵਜੋਂ ਹੋਈ। ਇਹ ਤਿੰਨੇ ਪਿੰਡ ਜੱਲਾ ਲੱਖੇ ਕੇ ਹਿਠਾੜ, ਥਾਣਾ ਸਦਰ ਜਲਾਲਾਬਾਦ ਦੇ ਵਸਨੀਕ ਦੱਸੇ ਗਏ ਹਨ।
ਪੁਲੀਸ ਨੂੰ ਉਨ੍ਹਾਂ ਕੋਲ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ’ਤੇ ਕਪਤਾਨ ਪੁਲੀਸ ਸਬ-ਡਿਵੀਜ਼ਨ ਜਲਾਲਾਬਾਦ ਲਵਦੀਪ ਸਿੰਘ ਨੂੰ ਮੌਕੇ ’ਤੇ ਬੁਲਾਇਆ ਗਿਆ। ਉਨ੍ਹਾਂ ਦੀ ਮੌਜੂਦਗੀ ਵਿੱਚ ਗੱਟੇ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ 4 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਮਾਮਲੇ ਵਿੱਚ ਥਾਣਾ ਸਦਰ ਜਲਾਲਾਬਾਦ ਵਿਖੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲੀਸ ਅਨੁਸਾਰ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਥਿਤ ਤੌਰ ’ਤੇ ਹੈਰੋਇਨ ਦੀ ਇਹ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਈ ਗਈ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਸ ਤੋਂ ਪਹਿਲਾਂ ਇਹ ਵਿਅਕਤੀ ਫ਼ਿਰੋਜ਼ਪੁਰ ਦੇ ਕੁੱਲਗੜ੍ਹੀ ਖੇਤਰ ਦੇ ਇੱਕ ਕਥਿਤ ਤਸਕਰ ਰਾਹੀਂ ਨਸ਼ੇ ਦੀ ਤਸਕਰੀ ਕਰਦੇ ਸਨ। ਪੁਲੀਸ ਮੁਤਾਬਕ ਉਕਤ ਵਿਅਕਤੀ ਨੂੰ ਫ਼ਿਰੋਜ਼ਪੁਰ ਪੁਲੀਸ ਵੱਲੋਂ ਪਿਛਲੇ ਦਿਨੀਂ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ। ਮਾਮਲੇ ਦੀ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।







