ਟਾਂਡਾ-ਗੜ੍ਹਦੀਵਾਲਾ ਸੜਕ ਦਾ ਨਿਰਮਾਣ ਅਧੂਰਾ, ਥਾਂ-ਥਾਂ ਤੋਂ ਟੁੱਟਣ ਲੱਗੀ ਸੜਕ
ਟਾਂਡਾ ਤੋਂ ਗੜ੍ਹਦੀਵਾਲਾ ਨੂੰ ਜੋੜਨ ਵਾਲੀ ਪ੍ਰਮੁੱਖ ਸੜਕ ਦੇ ਪਿੰਡ ਜੌਹਲਾਂ ਤੋਂ ਗੜ੍ਹਦੀਵਾਲਾ ਤੱਕ ਦੇ ਹਿੱਸੇ ਦਾ ਨਿਰਮਾਣ ਕਈ ਸਾਲਾਂ ਦੀ ਉਡੀਕ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਲੋਕ ਨਿਰਮਾਣ ਵਿਭਾਗ ਵੱਲੋਂ ਕਰਵਾਇਆ ਗਿਆ ਸੀ। ਹਾਲਾਂਕਿ ਸੜਕ ’ਤੇ ਲੁੱਕ ਦੀ ਦੂਜੀ ਪਰਤ ਅਤੇ ਹੋਰ ਲੋੜੀਂਦੀ ਸਮੱਗਰੀ ਪਾਉਣ ਦਾ ਕੰਮ ਅਜੇ ਤੱਕ ਪੂਰਾ ਨਹੀਂ ਹੋ ਸਕਿਆ, ਜਿਸ ਕਾਰਨ ਨਵੀਂ ਬਣੀ ਸੜਕ ਹੁਣ ਕਈ ਥਾਵਾਂ ਤੋਂ ਟੁੱਟਣ ਲੱਗ ਪਈ ਹੈ।
ਦੱਸਿਆ ਜਾਂਦਾ ਹੈ ਕਿ ਸੜਕ ਨੂੰ ਦੋ ਪਰਤੀ ਲੁੱਕ ਅਤੇ ਹੋਰ ਸਮੱਗਰੀ ਪਾ ਕੇ ਤਿਆਰ ਕੀਤਾ ਜਾਣਾ ਸੀ, ਤਾਂ ਜੋ ਇਸ ਦੀ ਮਜ਼ਬੂਤੀ ਅਤੇ ਟਿਕਾਊਪਣ ਕਾਇਮ ਰਹੇ। ਪਰ ਦੂਜੀ ਪਰਤ ਦਾ ਕੰਮ ਅਧੂਰਾ ਰਹਿਣ ਕਾਰਨ ਸੜਕ ਦੀ ਹਾਲਤ ਦਿਨੋਂ-ਦਿਨ ਖ਼ਰਾਬ ਹੋ ਰਹੀ ਹੈ। ਇਹ ਮਾਰਗ ਦੋ ਸ਼ਹਿਰਾਂ ਨੂੰ ਜੋੜਨ ਵਾਲਾ ਮਹੱਤਵਪੂਰਨ ਰਸਤਾ ਹੋਣ ਕਰਕੇ ਇੱਥੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਵਾਹਨ ਲੰਘਦੇ ਹਨ।
ਸਥਾਨਕ ਵਸਨੀਕਾਂ ਨੇ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਨਿਰਮਾਣ ਵਿੱਚ ਹੋਈ ਦੇਰੀ ਅਤੇ ਕੰਮ ਦੀ ਗੁਣਵੱਤਾ ਦੀ ਜਾਂਚ ਕਰਵਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਿਰਮਾਣ ਵਿੱਚ ਕਿਸੇ ਤਰ੍ਹਾਂ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਅਧਿਕਾਰੀਆਂ ਜਾਂ ਠੇਕੇਦਾਰ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਬਾਕੀ ਰਹਿੰਦਾ ਕੰਮ ਜਲਦ ਪੂਰਾ ਕਰਵਾਇਆ ਜਾਵੇ।
ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐੱਸ.ਡੀ.ਓ. ਬਲਦੇਵ ਰਾਜ ਨੇ ਦੱਸਿਆ ਕਿ ਲੁੱਕ ਅਤੇ ਹੋਰ ਨਿਰਮਾਣ ਸਮੱਗਰੀ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਸੜਕ ਦਾ ਕੰਮ ਇਸ ਸਮੇਂ ਅਧੂਰਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਮਨਜ਼ੂਰੀ ਮਿਲਣ ਉਪਰੰਤ ਬਾਕੀ ਰਹਿੰਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ।







