ਪੰਜਾਬ ਵਿਚ ਬਿਜਲੀ ਕੱਟਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ, 30 ਅਪ੍ਰੈਲ ਤਕ…

ਬਿਜਲੀ ਵਿਭਾਗ ਨੇ ਦੇਰ ਰਾਤ ਇੱਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਸੂਬੇ ਭਰ ਵਿੱਚ ਮੁਰੰਮਤ ਕਾਰਜਾਂ ਲਈ ਲੱਗਣ ਵਾਲੇ ਬਿਜਲੀ ਕੱਟਾਂ ਨੂੰ ਰੋਕਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਨਵੇਂ ਆਦੇਸ਼ਾਂ ਮੁਤਾਬਕ 30 ਅਪ੍ਰੈਲ ਤੱਕ 11 ਕੇਵੀ ਜਾਂ ਇਸ ਤੋਂ ਉੱਪਰ ਦੇ ਕਿਸੇ ਵੀ ਕੰਮ (PTW) ਲਈ ਜ਼ੋਨਲ ਦਫ਼ਤਰ ਤੋਂ ਲਿਖਤੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ।

ਸੂਤਰਾਂ ਅਨੁਸਾਰ, ਪਹਿਲਾਂ ਤੋਂ ਤੈਅ ਸਾਰੇ ਸ਼ਟਡਾਊਨ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਗਏ ਹਨ। ਫੀਲਡ ਅਧਿਕਾਰੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਚੱਲ ਰਹੇ ਮੇਨਟੇਨੈਂਸ ਦੇ ਕੰਮ ਤੁਰੰਤ ਰੋਕ ਕੇ ਬਿਜਲੀ ਸਪਲਾਈ ਨੂੰ ਜਿੰਨਾ ਜਲਦੀ ਹੋ ਸਕੇ ਬਹਾਲ ਕੀਤਾ ਜਾਵੇ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਇਸਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇ।

ਇਸਦੇ ਬਾਵਜੂਦ, ਅੱਜ ਸਵੇਰੇ ਤੋਂ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਿਜਲੀ ਦੇ ਕੱਟ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਸ ਫ਼ੈਸਲੇ ਤੋਂ ਪਹਿਲਾਂ ਕਈ ਮੁੱਖ ਸ਼ਹਿਰਾਂ ਵਿੱਚ ਬਿਜਲੀ ਬੰਦ ਕਰਨ ਦੀ ਯੋਜਨਾ ਬਣਾਈ ਗਈ ਸੀ। ਜਿਵੇਂ ਕਿ ਜਲੰਧਰ ਵਿੱਚ ਨਿਊ ਮਾਡਲ ਟਾਊਨ, ਲੇਦਰ ਕੰਪਲੈਕਸ ਅਤੇ ਆਬਾਦਪੁਰਾ ਵਰਗੇ ਇਲਾਕੇ ਪ੍ਰਭਾਵਿਤ ਹੋਣੇ ਸਨ। ਲੁਧਿਆਣਾ ਵਿੱਚ ਸਾਹਨੇਵਾਲ ਰੋਡ, ਜਨਤਾ ਨਗਰ, ਮੋਤੀ ਨਗਰ, ਟ੍ਰਾਂਸਪੋਰਟ ਨਗਰ, ਦੋਰਾਹਾ ਅਤੇ ਆਲਮਗੀਰ ਸਮੇਤ ਕਈ ਉਦਯੋਗਿਕ ਖੇਤਰਾਂ ਵਿੱਚ ਕੱਟ ਲੱਗਣੇ ਸਨ। ਮੋਹਾਲੀ ਦੇ ਫੇਜ਼-7, ਐੱਚ-ਬਲਾਕ ਅਤੇ ਜ਼ੀਰਕਪੁਰ ਦੇ ਮਾਇਆ ਮਾਡਰਨ ਸਿਟੀ ਅਤੇ ਸਿੰਘਪੁਰ ਵੀ ਇਸ ਸੂਚੀ ਵਿੱਚ ਸ਼ਾਮਲ ਸਨ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਲਾਹੌਰੀ ਗੇਟ, ਇੰਦਰਾ ਕਲੋਨੀ, ਨਵਾਂ ਕੋਟ ਅਤੇ ਕਟੜਾ ਸੰਤ ਸਿੰਘ, ਜਦਕਿ ਪਟਿਆਲਾ ਦੇ ਸੈਂਟਰਲ ਜੇਲ੍ਹ, ਪੁਲਸ ਲਾਈਨ, ਮਿੰਨੀ ਸਕੱਤਰੇਤ, ਮੋਦੀ ਕਾਲਜ ਅਤੇ ਅਰਜੁਨ ਨਗਰ ਵਰਗੇ ਇਲਾਕਿਆਂ ਵਿੱਚ ਵੀ ਬਿਜਲੀ ਕੱਟ ਲੱਗਣੇ ਸੀ।