ਅੰਮ੍ਰਿਤਸਰ ’ਚ ਨਸ਼ੇ ’ਚ ਧੁੱਤ ਪੁਲੀਸ ਕਾਂਸਟੇਬਲ ਨੇ 12 ਸਾਲਾ ਬੱਚੀ ਨੂੰ ਕਾਰ ਨਾਲ ਕੁਚਲਿਆ, ਲੱਤ ’ਚ ਫਰੈਕਚਰ
ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ’ਤੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪੰਜਾਬ ਪੁਲੀਸ ਦੇ ਇੱਕ ਕਾਂਸਟੇਬਲ ਵੱਲੋਂ ਕਾਰ ਨਾਲ 12 ਸਾਲਾ ਬੱਚੀ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਬੱਚੀ ਦੀ ਲੱਤ ’ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਜਾਂਚ ਦੌਰਾਨ ਉਸ ਦੀ ਲੱਤ ਵਿੱਚ ਫਰੈਕਚਰ ਹੋਣ ਦੀ ਪੁਸ਼ਟੀ ਹੋਈ ਹੈ। ਜ਼ਖ਼ਮੀ ਬੱਚੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੇ ਦਿਨ ਉਸ ਸਮੇਂ ਵਾਪਰਿਆ, ਜਦੋਂ ਬੱਚੀ ਸਕੂਲ ਤੋਂ ਘਰ ਵਾਪਸ ਆ ਰਹੀ ਸੀ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ। ਜਦੋਂ ਲੋਕਾਂ ਨੇ ਉਸ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਤਾਂ ਪਤਾ ਲੱਗਾ ਕਿ ਉਹ ਪੰਜਾਬ ਪੁਲੀਸ ਦਾ ਕਾਂਸਟੇਬਲ ਹੈ ਅਤੇ ਉਸ ਨੇ ਵਰਦੀ ਪਾਈ ਹੋਈ ਸੀ।
ਚਸ਼ਮਦੀਦਾਂ ਮੁਤਾਬਕ ਕਾਂਸਟੇਬਲ ਨੇ ਇੰਨੀ ਸ਼ਰਾਬ ਪੀਤੀ ਹੋਈ ਸੀ ਕਿ ਉਹ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਸਕਦਾ ਸੀ। ਲੋਕਾਂ ਵੱਲੋਂ ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ ਸ਼ਰਾਬ ਦੀ ਇੱਕ ਬੋਤਲ, ਬੀੜੀਆਂ ਅਤੇ ਸਿਗਰਟਾਂ ਵੀ ਮਿਲੀਆਂ।
ਲੋਕਾਂ ਨੇ ਮੁਲਜ਼ਮ ਨੂੰ ਪੁਲੀਸ ਹਵਾਲੇ ਕੀਤਾ
ਘਟਨਾ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਕਾਂਸਟੇਬਲ ਅਤੇ ਉਸ ਦੀ ਕਾਰ ਦੀ ਵੀਡੀਓ ਵੀ ਬਣਾਈ। ਇਸ ਮਗਰੋਂ ਉਸ ਨੂੰ ਕਾਰ ਸਮੇਤ ਥਾਣਾ ਸੁਲਤਾਨਵਿੰਡ ਦੀ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ।
ਲੋਕਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮ ਦਾ ਤੁਰੰਤ ਮੈਡੀਕਲ ਕਰਵਾਇਆ ਜਾਵੇ ਅਤੇ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਕਾਨੂੰਨ ਦੀ ਰੱਖਿਆ ਕਰਨ ਵਾਲੇ ਪੁਲੀਸ ਮੁਲਾਜ਼ਮ ਵੱਲੋਂ ਅਜਿਹੀ ਲਾਪਰਵਾਹੀ ਬੇਹੱਦ ਗੰਭੀਰ ਮਾਮਲਾ ਹੈ।
ਮਾਂ ਨੇ ਧੀ ਦੇ ਮੁਕੰਮਲ ਇਲਾਜ ਦੀ ਕੀਤੀ ਮੰਗ
ਜ਼ਖ਼ਮੀ ਬੱਚੀ ਦੀ ਮਾਤਾ ਪ੍ਰੀਤੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਆਰਥਿਕ ਤੌਰ ’ਤੇ ਕਮਜ਼ੋਰ ਹੈ। ਉਨ੍ਹਾਂ ਦੀ ਧੀ ਸਕੂਲ ਤੋਂ ਘਰ ਪਰਤ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ।
ਪ੍ਰੀਤੀ ਨੇ ਦੋਸ਼ ਲਾਇਆ ਕਿ ਕਾਂਸਟੇਬਲ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਦਾ ਕਾਰ ’ਤੇ ਕੋਈ ਕਾਬੂ ਨਹੀਂ ਸੀ। ਇਸੇ ਲਾਪਰਵਾਹੀ ਕਾਰਨ ਉਸ ਦੀ ਧੀ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਬੱਚੀ ਦੇ ਮੁਕੰਮਲ ਇਲਾਜ ਅਤੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਮੈਡੀਕਲ ਰਿਪੋਰਟ ਦੇ ਆਧਾਰ ’ਤੇ ਹੋਵੇਗੀ ਕਾਰਵਾਈ
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਈ ਬੱਚੀ ਦੀ ਡਾਕਟਰੀ ਜਾਂਚ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਮੁਲਜ਼ਮ ਕਾਂਸਟੇਬਲ ਦਾ ਵੀ ਮੈਡੀਕਲ ਕਰਵਾਇਆ ਜਾਵੇਗਾ, ਤਾਂ ਜੋ ਉਸ ਦੇ ਨਸ਼ੇ ਵਿੱਚ ਹੋਣ ਸਬੰਧੀ ਤੱਥਾਂ ਦੀ ਪੁਸ਼ਟੀ ਹੋ ਸਕੇ।
ਪੁਲੀਸ ਮੁਤਾਬਕ ਮੈਡੀਕਲ ਰਿਪੋਰਟ ਅਤੇ ਮਾਮਲੇ ਦੀ ਜਾਂਚ ਦੇ ਆਧਾਰ ’ਤੇ ਮੁਲਜ਼ਮ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।








