ਮੋਹਾਲੀ ਦੇ ਮਟੌਰ ਥਾਣੇ ਵਿੱਚ ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਖ਼ਿਲਾਫ਼ ਕੁੱਟਮਾਰ, ਜ਼ਬਰਦਸਤੀ ਬੰਧਕ ਬਣਾਉਣ, ਧਮਕੀਆਂ ਦੇਣ ਅਤੇ ਹਥਿਆਰ ਦੀ ਵਰਤੋਂ ਕਰਨ ਦੇ ਦੋਸ਼ਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਹ ਮਾਮਲਾ ਮੇਲੋਡੀ ਹਾਊਸ ਮਿਊਜ਼ਿਕ ਕੰਪਨੀ ਦੇ ਸੰਚਾਲਕ ਰੇਅਮੰਤ ਮਰਵਾਹਾ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਹੋਇਆ ਹੈ।
ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਟੀ-ਸੀਰੀਜ਼ ਨਾਲ ਗੀਤਾਂ ਦੀ ਡੀਲ ਨਾ ਹੋਣ ਕਾਰਨ ਦਿਲਪ੍ਰੀਤ ਢਿੱਲੋਂ ਉਨ੍ਹਾਂ ਨਾਲ ਨਾਰਾਜ਼ ਸੀ। ਉਨ੍ਹਾਂ ਦੇ ਦੋਸ਼ਾਂ ਮੁਤਾਬਕ, ਗਾਇਕ ਨੇ ਉਨ੍ਹਾਂ ਨਾਲ ਮਾਰਕੁੱਟ ਕੀਤੀ, ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੇਅਮੰਤ ਮਰਵਾਹਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਮੇਲੋਡੀ ਹਾਊਸ ਨਾਮ ਦੀ ਮਿਊਜ਼ਿਕ ਕੰਪਨੀ ਚਲਾ ਰਹੇ ਹਨ। ਉਨ੍ਹਾਂ ਦੇ ਅਨੁਸਾਰ, ਕਰੀਬ ਪੰਜ-ਛੇ ਮਹੀਨੇ ਪਹਿਲਾਂ ਦਿਲਪ੍ਰੀਤ ਢਿੱਲੋਂ ਨੇ ਟੀ-ਸੀਰੀਜ਼ ਨਾਲ ਗੀਤਾਂ ਦੀ ਡੀਲ ਕਰਵਾਉਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਵੀ ਕਰਵਾਈ, ਪਰ ਡੀਲ ਸਿਰੇ ਨਹੀਂ ਚੜ੍ਹ ਸਕੀ, ਜਿਸ ਕਾਰਨ ਗਾਇਕ ਉਨ੍ਹਾਂ ਨਾਲ ਰੁੱਸਿਆ ਹੋਇਆ ਸੀ।
ਸ਼ਿਕਾਇਤ ਅਨੁਸਾਰ, 22 ਜੁਲਾਈ ਦੀ ਰਾਤ ਰੇਅਮੰਤ ਮਰਵਾਹਾ ਆਪਣੇ ਦੋਸਤ ਗੁਰਪ੍ਰੀਤ ਸਿੰਘ ਦੇ ਸੈਕਟਰ-70 ਸਥਿਤ ਫਲੈਟ ਵਿੱਚ ਆਪਣੇ ਇਕ ਹੋਰ ਦੋਸਤ ਯੁਗ ਨਾਲ ਮੌਜੂਦ ਸਨ। ਇਸ ਦੌਰਾਨ ਦਿਲਪ੍ਰੀਤ ਢਿੱਲੋਂ ਉੱਥੇ ਪਹੁੰਚਿਆ ਅਤੇ ਟੀ-ਸੀਰੀਜ਼ ਜਾਂ ਕਿਸੇ ਹੋਰ ਮਿਊਜ਼ਿਕ ਕੰਪਨੀ ਨਾਲ ਡੀਲ ਕਰਵਾਉਣ ਦੀ ਗੱਲ ਨੂੰ ਲੈ ਕੇ ਬਹਿਸ ਕਰਨ ਲੱਗਾ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਗਾਇਕ ਨੇ ਕਿਹਾ ਕਿ ਉਹ ਆਪਣੀ ਪਤਨੀ ਲਈ ਇੱਕ ਤੋਂ ਦੋ ਕਰੋੜ ਰੁਪਏ ਦੀ ਕਾਰ ਖਰੀਦਣਾ ਚਾਹੁੰਦਾ ਹੈ ਅਤੇ ਇਸ ਲਈ ਡੀਲ ਕਰਵਾਈ ਜਾਵੇ। ਜਦੋਂ ਉਨ੍ਹਾਂ ਨੇ ਆਪਣੀ ਅਸਮਰੱਥਾ ਜਤਾਈ ਤਾਂ ਗਾਇਕ ਕਥਿਤ ਤੌਰ ‘ਤੇ ਹਿੰਸਕ ਹੋ ਗਿਆ।
ਰੇਅਮੰਤ ਮਰਵਾਹਾ ਦੇ ਦੋਸ਼ਾਂ ਮੁਤਾਬਕ, ਜਦੋਂ ਉਹ ਉੱਥੋਂ ਜਾਣ ਲੱਗੇ ਤਾਂ ਦਿਲਪ੍ਰੀਤ ਢਿੱਲੋਂ ਨੇ ਉਨ੍ਹਾਂ ਦਾ ਕਾਲਰ ਫੜ ਕੇ ਦੂਜੇ ਕਮਰੇ ਵਿੱਚ ਲੈ ਗਿਆ, ਜ਼ਮੀਨ ‘ਤੇ ਸੁੱਟ ਕੇ ਪੇਟ, ਪੱਸਲੀਆਂ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਲੱਤਾਂ ਮਾਰੀਆਂ। ਇਸ ਤੋਂ ਬਾਅਦ ਉਸ ਨੇ ਕਥਿਤ ਤੌਰ ‘ਤੇ ਪਿਸਤੌਲ ਕੱਢ ਕੇ ਉਨ੍ਹਾਂ ਵੱਲ ਤਾਣ ਦਿੱਤੀ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਰੌਲਾ ਪੈਣ ‘ਤੇ ਦੋਸ਼ੀ ਉੱਥੋਂ ਫਰਾਰ ਹੋ ਗਿਆ।
ਘਟਨਾ ਤੋਂ ਬਾਅਦ ਜ਼ਖ਼ਮੀ ਰੇਅਮੰਤ ਮਰਵਾਹਾ ਨੂੰ ਮੋਹਾਲੀ ਦੇ ਫੇਜ਼-6 ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਲਾਜ ਮਗਰੋਂ ਉਨ੍ਹਾਂ ਨੇ ਮਟੌਰ ਥਾਣੇ ਵਿੱਚ ਪਹੁੰਚ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਦਿਲਪ੍ਰੀਤ ਸਿੰਘ ਢਿੱਲੋਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 115(2), 126(2), 351(2) ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਮਾਮਲਾ ਦਰਜ ਕੀਤਾ ਹੈ। ਮਟੌਰ ਥਾਣਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਅਧਿਕਾਰੀ ਏ.ਐੱਸ.ਆਈ. ਕੇਵਲ ਕੁਮਾਰ ਨੇ ਦੱਸਿਆ ਕਿ ਐੱਫ.ਆਈ.ਆਰ. ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦਿਲਪ੍ਰੀਤ ਢਿੱਲੋਂ ਨੂੰ ਜਾਂਚ ਵਿੱਚ ਸ਼ਾਮਲ ਕਰਕੇ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।







