ਦਿੱਲੀ ’ਚ ਨਕਲੀ ਸਿਗਰਟਾਂ ਦੀ ਵੱਡੀ ਖੇਪ ਬਰਾਮਦ, 2.69 ਲੱਖ ਸਿਗਰਟਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਦਿੱਲੀ ’ਚ ਨਕਲੀ ਸਿਗਰਟਾਂ ਦੀ ਸਪਲਾਈ ਦਾ ਪਰਦਾਫਾਸ਼, 2.69 ਲੱਖ ਸਿਗਰਟਾਂ ਬਰਾਮਦ; 20 ਸਾਲਾ ਨੌਜਵਾਨ ਗ੍ਰਿਫ਼ਤਾਰ

ਦਿੱਲੀ ਵਿੱਚ ਕਥਿਤ ਤੌਰ ’ਤੇ ਨਕਲੀ ਸਿਗਰਟਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਦਾ ਪੁਲੀਸ ਨੇ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ 20 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਪੁਲੀਸ ਨੇ 2.69 ਲੱਖ ਨਕਲੀ ਸਿਗਰਟਾਂ ਬਰਾਮਦ ਕੀਤੀਆਂ ਹਨ। ਜਾਂਚ ਦੌਰਾਨ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਸ਼ੱਕੀ ਗੈਰ-ਕਾਨੂੰਨੀ ਸਿਗਰਟ ਨਿਰਮਾਣ ਇਕਾਈ ਦਾ ਵੀ ਪਤਾ ਲੱਗਾ ਹੈ।

ਪੁਲੀਸ ਅਨੁਸਾਰ, ਮੁਲਜ਼ਮ ਦੀ ਪਛਾਣ ਕੁਨਾਲ ਵਜੋਂ ਹੋਈ ਹੈ। ਉਸ ਨੂੰ 19 ਨਵੰਬਰ ਨੂੰ ਰੋਹਿਣੀ ਦੇ ਸੈਕਟਰ-3 ਵਿੱਚ ਉਸ ਸਮੇਂ ਰੋਕਿਆ ਗਿਆ, ਜਦੋਂ ਉਹ ਪਿਕਅੱਪ ਵਾਹਨ ਵਿੱਚ ਸਿਗਰਟਾਂ ਦੀ ਖੇਪ ਲੈ ਕੇ ਜਾ ਰਿਹਾ ਸੀ। ਤਲਾਸ਼ੀ ਦੌਰਾਨ ਵਾਹਨ ਵਿੱਚੋਂ ਕੁੱਲ 2,69,600 ਨਕਲੀ ਸਿਗਰਟਾਂ ਬਰਾਮਦ ਹੋਈਆਂ। ਪੁਲੀਸ ਨੇ ਸਿਗਰਟਾਂ ਸਮੇਤ ਵਾਹਨ ਵੀ ਜ਼ਬਤ ਕਰ ਲਿਆ।

ਪੁੱਛਗਿੱਛ ਦੌਰਾਨ ਕੁਨਾਲ ਨੇ ਕਥਿਤ ਤੌਰ ’ਤੇ ਖੁਲਾਸਾ ਕੀਤਾ ਕਿ ਇਹ ਸਿਗਰਟਾਂ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਕੁੰਡਲੀ ਸਥਿਤ ਨੱਥੂਪੁਰ ਪਿੰਡ ਵਿੱਚ ਚੱਲ ਰਹੀ ਇੱਕ ਗੈਰ-ਕਾਨੂੰਨੀ ਨਿਰਮਾਣ ਇਕਾਈ ਤੋਂ ਲਿਆਂਦੀਆਂ ਗਈਆਂ ਸਨ।

ਇਸ ਜਾਣਕਾਰੀ ਦੇ ਆਧਾਰ ’ਤੇ ਪੁਲੀਸ ਟੀਮ ਨੇ ਉਕਤ ਟਿਕਾਣੇ ’ਤੇ ਛਾਪਾ ਮਾਰਿਆ ਅਤੇ ਸ਼ੱਕੀ ਸਿਗਰਟ ਫੈਕਟਰੀ ਦਾ ਪਰਦਾਫਾਸ਼ ਕੀਤਾ। ਛਾਪੇ ਦੌਰਾਨ ਉੱਥੋਂ 97 ਕਿਲੋਗ੍ਰਾਮ ਨਕਲੀ ਸਿਗਰਟ ਪੈਕਟਾਂ ਦੇ ਕਵਰ, 20.4 ਕਿਲੋਗ੍ਰਾਮ ਨਕਲੀ ਫਿਲਟਰ ਰੋਲ ਅਤੇ 17.7 ਕਿਲੋਗ੍ਰਾਮ ਸਾਦੇ ਚਿੱਟੇ ਫਿਲਟਰ ਬਰਾਮਦ ਕੀਤੇ ਗਏ।

ਪੁਲੀਸ ਨੇ ਮੌਕੇ ਤੋਂ ਸਿਗਰਟਾਂ ਬਣਾਉਣ ਵਾਲੀ ਇੱਕ ਮਸ਼ੀਨ ਅਤੇ ਪੈਕਿੰਗ ਲਈ ਵਰਤੀਆਂ ਜਾਂਦੀਆਂ ਦੋ ਰੈਪਰ ਮਸ਼ੀਨਾਂ ਵੀ ਜ਼ਬਤ ਕੀਤੀਆਂ ਹਨ। ਇਸ ਬਰਾਮਦਗੀ ਤੋਂ ਬਾਅਦ ਪੁਲੀਸ ਵੱਲੋਂ ਗੈਰ-ਕਾਨੂੰਨੀ ਸਿਗਰਟ ਨਿਰਮਾਣ ਅਤੇ ਸਪਲਾਈ ਦੇ ਪੂਰੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਸਬੰਧੀ ਸਾਊਥ ਰੋਹਿਣੀ ਥਾਣੇ ਵਿੱਚ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਅਧਿਕਾਰੀਆਂ ਅਨੁਸਾਰ, ਸਪਲਾਈ ਚੇਨ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।