‘ਲਹਿਰਾ ਦੋ ਤਿਰੰਗਾ’ ਮਾਰਚ ਤੋਂ ਪਹਿਲਾਂ ਪੁਲੀਸ ਕਾਰਵਾਈ, ਨੇਹਾ ਬੋਰਾ ਰਿਹਾਅ; ਅਭਿਜੀਤ ਦੀਪਕੇ ਦੀ ਅਦਾਲਤ ’ਚ ਪੇਸ਼ੀ
ਦਿੱਲੀ ਪੁਲੀਸ ਨੇ ਸ਼ਨੀਵਾਰ ਤੜਕੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (AISA) ਦੀ ਪ੍ਰਧਾਨ ਨੇਹਾ ਬੋਰਾ ਨੂੰ ਰਿਹਾਅ ਕਰ ਦਿੱਤਾ, ਜਦਕਿ ‘ਕੌਕਰੇਚ ਜਨਤਾ ਪਾਰਟੀ’ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਵਿਸ਼ੇਸ਼ ਕਾਰਜਕਾਰੀ ਮੈਜਿਸਟ੍ਰੇਟ (SEM) ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੋਵਾਂ ਨੂੰ ਸ਼ੁੱਕਰਵਾਰ ਨੂੰ ਕਨਾਟ ਪਲੇਸ ਵਿਖੇ ਹੋਣ ਵਾਲੇ ‘ਲਹਿਰਾ ਦੋ ਤਿਰੰਗਾ’ ਰੋਸ ਮਾਰਚ ਤੋਂ ਪਹਿਲਾਂ ਇਹਤਿਆਤ ਵਜੋਂ ਹਿਰਾਸਤ ਵਿੱਚ ਲਿਆ ਗਿਆ ਸੀ।
ਪੁਲੀਸ ਅਧਿਕਾਰੀਆਂ ਅਨੁਸਾਰ ਨੇਹਾ ਬੋਰਾ ਨੂੰ ਦਿੱਲੀ ਪੁਲੀਸ ਐਕਟ ਦੀ ਧਾਰਾ 65 ਤਹਿਤ ਲੋੜੀਂਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ। ਦੂਜੇ ਪਾਸੇ, ਅਭਿਜੀਤ ਦੀਪਕੇ ਵਿਰੁੱਧ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀਆਂ ਧਾਰਾਵਾਂ 126 ਅਤੇ 170 ਤਹਿਤ ਅਮਨ-ਸ਼ਾਂਤੀ ਭੰਗ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਵੱਲੋਂ ਇਹ ਫ਼ੈਸਲਾ ਕੀਤਾ ਜਾਵੇਗਾ ਕਿ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇ ਜਾਂ ਜ਼ਮਾਨਤ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 10 ਅਕਤੂਬਰ ਨੂੰ ਵੀ ਦੀਪਕੇ ਨੂੰ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਉਸ ਸਮੇਂ ਉਨ੍ਹਾਂ ਤੋਂ ਇੱਕ ਸਾਲ ਤੱਕ ਅਮਨ-ਸ਼ਾਂਤੀ ਬਣਾਈ ਰੱਖਣ ਸਬੰਧੀ ਬਾਂਡ ਭਰਵਾਇਆ ਗਿਆ ਸੀ।
ਰਿਹਾਈ ਤੋਂ ਬਾਅਦ ਨੇਹਾ ਬੋਰਾ ਨੇ ਦਿੱਲੀ ਪੁਲੀਸ ਅਤੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਤਿੱਖੇ ਬਿਆਨ ਦਿੱਤੇ। ਉਨ੍ਹਾਂ ਨੇ ਪੁਲੀਸ ਦੀ ਕਾਰਵਾਈ ਨੂੰ ਗ਼ੈਰ-ਕਾਨੂੰਨੀ ਦੱਸਦਿਆਂ ਐਸ.ਆਈ.ਆਰ. (SIR) ਪ੍ਰਕਿਰਿਆ ਬੰਦ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਅਪੀਲ ਵੀ ਕੀਤੀ।
ਨੇਹਾ ਬੋਰਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਮੰਡੀ ਹਾਊਸ ਤੋਂ ਹਿਰਾਸਤ ਵਿੱਚ ਲੈਣ ਮਗਰੋਂ ਸਾਰੀ ਰਾਤ ਥਾਣੇ ਵਿੱਚ ਰੱਖਿਆ ਗਿਆ ਅਤੇ ਵਕੀਲਾਂ ਨਾਲ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਗਈ। ਉੱਧਰ, AISA ਨੇ ਦਾਅਵਾ ਕੀਤਾ ਕਿ ਹਿਰਾਸਤ ਦੌਰਾਨ ਨੇਹਾ ਬੋਰਾ ਨੂੰ ਕਰੀਬ ਪੰਜ ਘੰਟੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਘੁਮਾਉਣ ਤੋਂ ਬਾਅਦ ਆਰ.ਕੇ. ਪੁਰਮ ਥਾਣੇ ਲਿਜਾਇਆ ਗਿਆ। ਜਥੇਬੰਦੀ ਮੁਤਾਬਕ, ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ ਦੇ ਬਾਵਜੂਦ ਦਵਾਈਆਂ ਮੁਹੱਈਆ ਨਹੀਂ ਕਰਵਾਈਆਂ ਗਈਆਂ।
ਦੂਜੇ ਪਾਸੇ, ਦਿੱਲੀ ਪੁਲੀਸ ਨੇ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਅਤੇ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਲਗਭਗ 150 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਸਥਿਤੀ ’ਤੇ ਕਾਬੂ ਰੱਖਣ ਲਈ ਕਨਾਟ ਪਲੇਸ ਦੇ ਸੈਂਟਰਲ ਪਾਰਕ ਵਿੱਚ ਰੈਪਿਡ ਐਕਸ਼ਨ ਫੋਰਸ (RAF) ਸਮੇਤ ਵਾਧੂ ਪੁਲੀਸ ਬਲ ਤਾਇਨਾਤ ਕੀਤੇ ਗਏ।







