ਐਤਵਾਰ ਤੜਕੇ ਪੂਰਬੀ ਜਾਪਾਨ ਅਤੇ ਰਾਜਧਾਨੀ ਟੋਕੀਓ ਦੇ ਨਾਲ ਲੱਗਦੇ ਖੇਤਰਾਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਾਪਾਨ ਮੌਸਮ ਵਿਗਿਆਨ ਏਜੰਸੀ (JMA) ਅਨੁਸਾਰ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ‘ਤੇ 5.9 ਦਰਜ ਕੀਤੀ ਗਈ। ਹਾਲਾਂਕਿ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਭੂਚਾਲ ਤੋਂ ਬਾਅਦ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ ਅਤੇ ਨਾ ਹੀ ਕੋਈ ਚੇਤਾਵਨੀ ਜਾਰੀ ਕੀਤੀ ਗਈ ਹੈ।
ਏਜੰਸੀ ਮੁਤਾਬਕ ਭੂਚਾਲ ਦਾ ਕੇਂਦਰ ਦੱਖਣੀ ਇਬਾਰਾਕੀ ਪ੍ਰੀਫੈਕਚਰ ਵਿੱਚ ਸੀ ਅਤੇ ਇਸ ਦੀ ਡੂੰਘਾਈ ਜ਼ਮੀਨ ਹੇਠਾਂ ਕਰੀਬ 70 ਕਿਲੋਮੀਟਰ ਦਰਜ ਕੀਤੀ ਗਈ। ਉੱਧਰ, ਯੂਨਾਈਟਿਡ ਸਟੇਟਸ ਜਿਓਲੌਜੀਕਲ ਸਰਵੇ (USGS) ਨੇ ਸ਼ੁਰੂਆਤੀ ਤੌਰ ‘ਤੇ ਇਸ ਦੀ ਤੀਬਰਤਾ 5.8 ਮਾਪੀ ਹੈ।
ਰਾਹਤ ਵਾਲੀ ਗੱਲ ਇਹ ਰਹੀ ਕਿ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਟੋਕੀਓ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਝਟਕੇ ਮਹਿਸੂਸ ਕੀਤੇ ਗਏ, ਪਰ ਸਰਕਾਰੀ ਪ੍ਰਸਾਰਣ ਸੰਸਥਾ ਐੱਨਐੱਚਕੇ (NHK) ਵੱਲੋਂ ਦਿਖਾਈਆਂ ਗਈਆਂ ਤਸਵੀਰਾਂ ਮੁਤਾਬਕ ਮੀਤੋ, ਸਾਈਤਾਮਾ ਅਤੇ ਹੋਰ ਸ਼ਹਿਰਾਂ ਵਿੱਚ ਆਮ ਜਨਜੀਵਨ ਪ੍ਰਭਾਵਿਤ ਨਹੀਂ ਹੋਇਆ ਅਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲਦੀ ਰਹੀ।
ਭੂਚਾਲਾਂ ਲਈ ਸੰਵੇਦਨਸ਼ੀਲ ਹੈ ਜਾਪਾਨ
ਜਾਪਾਨ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਪ੍ਰਭਾਵਿਤ ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੇ ਅਕਸਰ ਭੂਚਾਲੀ ਗਤੀਵਿਧੀਆਂ ਦਰਜ ਕੀਤੀਆਂ ਜਾਂਦੀਆਂ ਹਨ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਦੇਸ਼ ਦੇ ਦੱਖਣੀ ਟਾਪੂ ਕਿਊਸ਼ੂ ਦੇ ਕੁਮਾਮੋਤੋ ਖੇਤਰ ਵਿੱਚ 7.1 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਸੀ। ਉਸ ਕੁਦਰਤੀ ਆਫ਼ਤ ਵਿੱਚ 38 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 364 ਹੋਰ ਜ਼ਖ਼ਮੀ ਹੋਏ ਸਨ।
ਉਸ ਭੂਚਾਲ ਕਾਰਨ 1,500 ਤੋਂ ਵੱਧ ਇਮਾਰਤਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਸਨ ਅਤੇ ਲਗਭਗ 20,000 ਹੋਰ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ। ਇਸ ਘਟਨਾ ਨੇ ਇੱਕ ਵਾਰ ਫਿਰ ਜਾਪਾਨ ਵਿੱਚ ਭੂਚਾਲਾਂ ਦੇ ਖ਼ਤਰੇ ਅਤੇ ਤਿਆਰੀਆਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਸੀ।







