ਜਾਪਾਨ ਦੇ ਪ੍ਰਧਾਨ ਮੰਤਰੀ ਸਨੇ ਤਾਕਾਚੀ ਨੇ ਟੋਕੀਓ ਦੇ ਓਸ਼ੀਮਾ ਟਾਊਨ ਲਈ ਸਭ ਤੋਂ ਉੱਚ ਪੱਧਰ ਦੀ ‘ਲੈਵਲ-5 ਲੈਂਡਸਲਾਈਡ ਡਿਜ਼ਾਸਟਰ ਸਪੈਸ਼ਲ ਵਾਰਨਿੰਗ’ ਜਾਰੀ ਹੋਣ ਦੀ ਜਾਣਕਾਰੀ ਦਿੱਤੀ ਹੈ। ਭਾਰੀ ਵਰਖਾ ਕਾਰਨ ਇਸ ਖੇਤਰ ਵਿੱਚ ਜ਼ਮੀਨ ਖਿਸਕਣ ਦਾ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਟੋਕੀਓ ਦੇ ਨੀਜੀਮਾ ਪਿੰਡ ਲਈ ਵੀ ਅਜਿਹੀ ਚੇਤਾਵਨੀ ਜਾਰੀ ਕੀਤੀ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸਥਾਨਕ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ।
ਜਾਪਾਨ ਮੌਸਮ ਏਜੰਸੀ ਮੁਤਾਬਕ ਇੱਕ ਮੌਸਮੀ ਪ੍ਰਣਾਲੀ ਅਤੇ ਗਰਮ ਖੰਡੀ ਦਬਾਅ (ਜੋ ਪਹਿਲਾਂ ਟਾਈਫੂਨ ਸੀ) ਦੇ ਮਿਲੇ-ਜੁਲੇ ਪ੍ਰਭਾਵ ਕਾਰਨ ਪੱਛਮੀ ਜਾਪਾਨ ਤੋਂ ਲੈ ਕੇ ਉੱਤਰੀ ਖੇਤਰਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਜ਼ਮੀਨ ਖਿਸਕਣ, ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ, ਦਰਿਆਵਾਂ ਦੇ ਪਾਣੀ ਦੇ ਪੱਧਰ ਵਧਣ ਅਤੇ ਹੜ੍ਹਾਂ ਦੇ ਖ਼ਤਰੇ ਪ੍ਰਤੀ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।
ਪ੍ਰਧਾਨ ਮੰਤਰੀ ਤਾਕਾਚੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਰਾਹੀਂ ਵੀ ਲੋਕਾਂ ਨੂੰ ਚੇਤਾਵਨੀ ਦਿੱਤੀ। ਉਨ੍ਹਾਂ ਦੱਸਿਆ ਕਿ ਨੀਜੀਮਾ ਤੋਂ ਬਾਅਦ ਹੁਣ ਓਸ਼ੀਮਾ ਟਾਊਨ ਲਈ ਵੀ ‘ਲੈਵਲ-5’ ਚੇਤਾਵਨੀ ਲਾਗੂ ਕਰ ਦਿੱਤੀ ਗਈ ਹੈ, ਕਿਉਂਕਿ ਉਥੇ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ ਅਤੇ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ, ਸਥਾਨਕ ਪ੍ਰਸ਼ਾਸਨ ਦੇ ਨਿਰਦੇਸ਼ਾਂ ’ਤੇ ਅਮਲ ਕਰਨ ਅਤੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ।







