ਜਬਰ-ਜਨਾਹ ਮਾਮਲਾ: ਅਮਰਜੀਤ ਸਿੰਘ ਚਾਵਲਾ ਦੇ ਘਰ ਰੋਪੜ ਪੁਲੀਸ ਦੀ ਛਾਪੇਮਾਰੀ
ਰੋਪੜ ਪੁਲੀਸ ਨੇ ਐਤਵਾਰ ਸਵੇਰੇ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਸਾਬਕਾ ਐੱਸ.ਜੀ.ਪੀ.ਸੀ. ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਘਰ ਛਾਪੇਮਾਰੀ ਕੀਤੀ। ਇਹ ਕਾਰਵਾਈ ਉਨ੍ਹਾਂ ਖ਼ਿਲਾਫ਼ ਦਰਜ ਜਬਰ-ਜਨਾਹ ਦੇ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਕੀਤੀ ਗਈ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪੁਲੀਸ ਟੀਮ ਜਦੋਂ ਚਾਵਲਾ ਦੇ ਘਰ ਪਹੁੰਚੀ ਤਾਂ ਉਹ ਉੱਥੇ ਮੌਜੂਦ ਨਹੀਂ ਸਨ। ਇਸ ਦੌਰਾਨ ਪੁਲੀਸ ਵੱਲੋਂ ਘਰ ਵਿੱਚ ਮੌਜੂਦ ਉਨ੍ਹਾਂ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲੀਸ ਦੀ ਕਾਰਵਾਈ ਸਵੇਰੇ ਕਰੀਬ 8:30 ਵਜੇ ਸ਼ੁਰੂ ਹੋਈ।
ਚਾਵਲਾ ਦਾ ਘਰ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਵੀ.ਆਈ.ਪੀ. ਲੇਨ ਨੇੜੇ ਸਥਿਤ ਹੈ। ਛਾਪੇਮਾਰੀ ਲਈ ਆਨੰਦਪੁਰ ਸਾਹਿਬ ਪੁਲੀਸ ਦੀ ਟੀਮ ਪਹੁੰਚੀ, ਜਿਸ ਦੀ ਅਗਵਾਈ ਇੱਕ ਸੀਨੀਅਰ ਪੁਲੀਸ ਅਧਿਕਾਰੀ ਕਰ ਰਹੇ ਸਨ। ਟੀਮ ਵਿੱਚ ਮਹਿਲਾ ਪੁਲੀਸ ਮੁਲਾਜ਼ਮਾਂ ਸਮੇਤ ਕਰੀਬ 15 ਪੁਲੀਸ ਕਰਮਚਾਰੀ ਸ਼ਾਮਲ ਦੱਸੇ ਗਏ ਹਨ। ਹਾਲਾਂਕਿ ਰੋਪੜ ਪੁਲੀਸ ਦੇ ਅਧਿਕਾਰੀਆਂ ਨੇ ਇਸ ਕਾਰਵਾਈ ਸਬੰਧੀ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
ਇਹ ਕਾਰਵਾਈ 21 ਅਗਸਤ ਨੂੰ ਆਨੰਦਪੁਰ ਸਾਹਿਬ ਥਾਣੇ ਵਿੱਚ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਐੱਫ.ਆਈ.ਆਰ. ਦੇ ਪਿਛੋਕੜ ਵਿੱਚ ਹੋਈ ਹੈ। ਪੁਲੀਸ ਨੇ ਬੀ.ਐੱਨ.ਐੱਸ. ਦੀਆਂ ਧਾਰਾਵਾਂ 64, 127(2) ਅਤੇ 351(2) ਤਹਿਤ ਮਾਮਲਾ ਦਰਜ ਕੀਤਾ ਸੀ। ਇਹ ਧਾਰਾਵਾਂ ਜਬਰ-ਜਨਾਹ, ਗ਼ੈਰ-ਕਾਨੂੰਨੀ ਤੌਰ ’ਤੇ ਬੰਦੀ ਬਣਾਉਣ ਅਤੇ ਅਪਰਾਧਿਕ ਧਮਕੀ ਨਾਲ ਸਬੰਧਤ ਹਨ।
ਐੱਫ.ਆਈ.ਆਰ. ਵਿੱਚ ਮਾਲਵਾ ਖੇਤਰ ਨਾਲ ਸਬੰਧਤ ਇੱਕ ਔਰਤ ਨੇ ਦੋਸ਼ ਲਾਇਆ ਹੈ ਕਿ ਚਾਵਲਾ ਨੇ ਉਸ ਨਾਲ ਸੰਪਰਕ ਕੀਤਾ ਅਤੇ ਕੁਝ ਭਰੋਸੇ ਜਾਂ ਵਾਅਦੇ ਕਰਨ ਤੋਂ ਬਾਅਦ ਉਸ ਦਾ ਕਥਿਤ ਜਿਨਸੀ ਸ਼ੋਸ਼ਣ ਕੀਤਾ। ਸ਼ਿਕਾਇਤ ਵਿੱਚ 27 ਫਰਵਰੀ ਤੋਂ 19 ਅਗਸਤ ਤੱਕ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਆਨੰਦਪੁਰ ਸਾਹਿਬ ਸਥਿਤ ਭਾਈ ਬਚਿੱਤਰ ਸਿੰਘ ਯਾਤਰੀ ਨਿਵਾਸ ਨਾਲ ਜੁੜੀ ਇੱਕ ਕਥਿਤ ਘਟਨਾ ਵੀ ਸ਼ਾਮਲ ਹੈ। ਸ਼ਿਕਾਇਤਕਰਤਾ ਵੱਲੋਂ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਬਿਆਨ ਦਰਜ ਕਰਵਾਏ ਜਾਣ ਦੀ ਵੀ ਜਾਣਕਾਰੀ ਹੈ।
ਦੂਜੇ ਪਾਸੇ, ਅਮਰਜੀਤ ਸਿੰਘ ਚਾਵਲਾ ਨੇ ਆਪਣੇ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਰੱਦ ਕੀਤਾ ਹੈ। 16 ਸਤੰਬਰ ਨੂੰ ਜਾਰੀ ਕੀਤੇ ਵੀਡੀਓ ਸੁਨੇਹੇ ਵਿੱਚ ਉਨ੍ਹਾਂ ਨੇ ਮਾਮਲੇ ਨੂੰ ਝੂਠਾ ਅਤੇ ਮਨਘੜਤ ਦੱਸਦਿਆਂ ਆਪਣੇ ਖ਼ਿਲਾਫ਼ ਸਾਜ਼ਿਸ਼ ਰਚੇ ਜਾਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਸੀ ਕਿ ਉਹ ਜਾਂਚ ਤੋਂ ਬਾਅਦ ਬੇਦਾਗ਼ ਸਾਹਮਣੇ ਆਉਣਗੇ।
ਪੁਲੀਸ ਦੀ ਛਾਪੇਮਾਰੀ ਤੋਂ ਬਾਅਦ ਮਾਮਲੇ ਦੀ ਜਾਂਚ ਨੂੰ ਲੈ ਕੇ ਅਗਲੇਰੀ ਕਾਰਵਾਈ ਜਾਰੀ ਹੈ।







