ਗੋਰਾਇਆ ਨੈਸ਼ਨਲ ਹਾਈਵੇ ‘ਤੇ ਭਿਆਨਕ ਸੜਕ ਹਾਦਸਾ, CNG ਸਿਲੰਡਰਾਂ ਵਾਲਾ ਟਰੱਕ ਤੇ ਰੇਤ ਭਰਿਆ ਟਿੱਪਰ ਆਪਸ ‘ਚ ਟਕਰਾਏ

ਜਲੰਧਰ: ਗੋਰਾਇਆ ਰਾਸ਼ਟਰੀ ਰਾਜਮਾਰਗ ਦੇ ਮੁੱਖ ਚੌਂਕ ਨੇੜੇ ਫਲਾਈਓਵਰ ‘ਤੇ CNG ਸਿਲੰਡਰਾਂ ਨਾਲ ਲੱਦੇ ਇੱਕ ਟਰੱਕ ਅਤੇ ਰੇਤ ਨਾਲ ਭਰੇ ਟਿੱਪਰ ਵਿਚਾਲੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ CNG ਟਰੱਕ ਦਾ ਅੱਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਡਰਾਈਵਰ ਕੈਬਿਨ ਅੰਦਰ ਫਸ ਗਿਆ।

ਹਾਦਸੇ ਦੀ ਸੂਚਨਾ ਮਿਲਣ ਉਪਰੰਤ ਸੜਕ ਸੁਰੱਖਿਆ ਬਲ (SSF) ਦੇ ਇੰਚਾਰਜ ਸਰਬਜੀਤ ਸਿੰਘ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਸਥਾਨਕ ਲੋਕਾਂ ਦੇ ਸਹਿਯੋਗ ਨਾਲ ਬਚਾਅ ਮੁਹਿੰਮ ਚਲਾਈ ਗਈ ਅਤੇ ਕਾਫੀ ਮਿਹਨਤ ਤੋਂ ਬਾਅਦ ਫਸੇ ਹੋਏ ਡਰਾਈਵਰ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਜ਼ਖਮੀ ਨੂੰ ਐਂਬੂਲੈਂਸ ਰਾਹੀਂ ਫਿਲੌਰ ਦੇ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

ਟਿੱਪਰ ਚਾਲਕ ਸੰਦੀਪ ਦੇ ਅਨੁਸਾਰ, CNG ਸਿਲੰਡਰਾਂ ਨਾਲ ਭਰਿਆ ਟਰੱਕ ਪਿੱਛੇ ਤੋਂ ਆ ਕੇ ਉਸਦੇ ਟਿੱਪਰ ਨਾਲ ਟਕਰਾ ਗਿਆ। ਟੱਕਰ ਕਾਰਨ ਟਿੱਪਰ ਦਾ ਇੱਕ ਟਾਇਰ ਵੀ ਪੰਕਚਰ ਹੋ ਗਿਆ, ਜਦਕਿ CNG ਟਰੱਕ ਨੂੰ ਭਾਰੀ ਨੁਕਸਾਨ ਝੱਲਣਾ ਪਿਆ।

ਫਿਲਹਾਲ ਪੁਲਿਸ ਅਤੇ ਹੋਰ ਸਬੰਧਤ ਏਜੰਸੀਆਂ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਘਟਨਾ ਸਬੰਧੀ ਸਪੱਸ਼ਟ ਜਾਣਕਾਰੀ ਸਾਹਮਣੇ ਆ ਸਕੇਗੀ।