ਮੱਧ ਪ੍ਰਦੇਸ਼ ਸਰਕਾਰ ਵਿੱਚ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਵਿੱਚ ਅਹਿਮ ਫੇਰਬਦਲ ਕੀਤਾ ਗਿਆ ਹੈ। ਰਾਜ ਮੰਤਰੀ ਲਖਨ ਪਟੇਲ ਤੋਂ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ। ਹੁਣ ਇਹ ਵਿਭਾਗ ਸਿੱਧੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੇ ਅਧੀਨ ਰਹੇਗਾ। ਇਸ ਸਬੰਧੀ ਦੇਰ ਰਾਤ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ।
ਨਵੇਂ ਹੁਕਮਾਂ ਅਨੁਸਾਰ ਲਖਨ ਪਟੇਲ ਕੋਲ ਹੁਣ ਸਿਰਫ਼ ‘ਆਨੰਦ ਵਿਭਾਗ’ ਦਾ ਕਾਰਜਭਾਰ ਰਹੇਗਾ, ਜਦਕਿ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਖੁਦ ਸੰਭਾਲਣਗੇ। ਇਸ ਫੈਸਲੇ ਤੋਂ ਬਾਅਦ ਸੂਬੇ ਦੇ ਰਾਜਨੀਤਿਕ ਹਲਕਿਆਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਆਮ ਪ੍ਰਸ਼ਾਸਨ ਵਿਭਾਗ ਨੇ ਪੋਰਟਫੋਲੀਓ ਵਿੱਚ ਇਸ ਤਬਦੀਲੀ ਸਬੰਧੀ ਅਧਿਕਾਰਤ ਆਦੇਸ਼ ਜਾਰੀ ਕਰ ਦਿੱਤੇ ਹਨ।
ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਲਖਨ ਪਟੇਲ ਨੇ ਕਿਹਾ ਕਿ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕਰਨਾ ਜਾਂ ਉਨ੍ਹਾਂ ਵਿੱਚ ਤਬਦੀਲੀ ਕਰਨਾ ਮੁੱਖ ਮੰਤਰੀ ਦਾ ਵਿਸ਼ੇਸ਼ ਅਧਿਕਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਉਨ੍ਹਾਂ ਤੋਂ ਕਿਉਂ ਵਾਪਸ ਲਿਆ ਗਿਆ।







