ਕੇਜਰੀਵਾਲ ਦੇ ‘ਸ਼ੀਸ਼ ਮਹਿਲ’ ਦੇ ਅੱਜ ਖੁੱਲ੍ਹਣਗੇ ਦਰਵਾਜ਼ੇ, ਆਮ ਲੋਕ ਤੇ ਮੀਡੀਆ ਕਰ ਸਕਣਗੇ ਦੌਰਾ

ਕੇਜਰੀਵਾਲ ਦੇ ‘ਸ਼ੀਸ਼ ਮਹਿਲ’ ਦੇ ਖੁੱਲ੍ਹੇ ਦਰਵਾਜ਼ੇ, ਦਿੱਲੀ ਸਰਕਾਰ ਨੇ ਮੀਡੀਆ ਤੋਂ ਬਾਅਦ ਆਮ ਲੋਕਾਂ ਨੂੰ ਵੀ ਦਿਖਾਉਣ ਦਾ ਕੀਤਾ ਫ਼ੈਸਲਾ

ਦਿੱਲੀ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਰਹੇ ਫਲੈਗਸਟਾਫ ਬੰਗਲੇ ਨੂੰ ਲੋਕਾਂ ਦੇ ਦੇਖਣ ਲਈ ਖੋਲ੍ਹਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ‘ਸ਼ੀਸ਼ ਮਹਿਲ’ ਦਾ ਨਾਂ ਦਿੱਤੇ ਗਏ ਇਸ ਆਲੀਸ਼ਾਨ ਬੰਗਲੇ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲਾਂ ਵਾਂਗ ਹੀ ਸੰਭਾਲ ਕੇ ਰੱਖਿਆ ਹੈ। ਸਰਕਾਰ ਵੱਲੋਂ ਇਸ ਕੰਪਲੈਕਸ ਦਾ ਦੌਰਾ ਕਰਨ ਲਈ ਪਹਿਲਾਂ ਮੀਡੀਆ ਨੂੰ ਸੱਦਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਆਮ ਲੋਕ ਵੀ ਇਸ ਨੂੰ ਦੇਖ ਸਕਣਗੇ।

ਇਸ ਸਰਕਾਰੀ ਜਾਇਦਾਦ ਦੀ ਦੇਖ-ਰੇਖ ਕਰਨ ਵਾਲੇ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਦੇ ਮੰਤਰੀ ਪਰਵੇਸ਼ ਵਰਮਾ ਨੇ ਕਿਹਾ ਕਿ ਇਸ ਬੰਗਲੇ ਦੀ ਉਸਾਰੀ ਅਤੇ ਸਜਾਵਟ ’ਤੇ ਜਨਤਾ ਦੇ ਟੈਕਸ ਦਾ ਪੈਸਾ ਖਰਚ ਕੀਤਾ ਗਿਆ ਹੈ। ਇਸ ਲਈ ਲੋਕਾਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਉਨ੍ਹਾਂ ਦੇ ਪੈਸੇ ਦੀ ਵਰਤੋਂ ਕਿੱਥੇ ਅਤੇ ਕਿਵੇਂ ਕੀਤੀ ਗਈ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਖਰਚੇ ਗਏ ਪੈਸੇ ਦਾ ਪੂਰਾ ਵੇਰਵਾ ਜਨਤਕ ਕਰਨਾ ਅਤੇ ਲੋਕਾਂ ਪ੍ਰਤੀ ਆਪਣੀ ਜਵਾਬਦੇਹੀ ਨਿਭਾਉਣਾ ਹੈ। ਵਰਮਾ ਮੁਤਾਬਕ, ਇਸੇ ਉਦੇਸ਼ ਨਾਲ ਬੰਗਲੇ ਨੂੰ ਲੋਕਾਂ ਲਈ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਜੀਵਨਸ਼ੈਲੀ ਨੂੰ ਲੈ ਕੇ ਭਾਜਪਾ ਵੱਲੋਂ ਸਿਆਸੀ ਸੁਨੇਹਾ ਦੇਣ ਦੀਆਂ ਕੋਸ਼ਿਸ਼ਾਂ ਵਿਚਾਲੇ ਪਰਵੇਸ਼ ਵਰਮਾ ਨੇ ਕਿਹਾ ਕਿ ਫਿਲਹਾਲ ਮੀਡੀਆ ਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਗਿਆ ਹੈ ਅਤੇ ਜਲਦੀ ਹੀ ਦਿੱਲੀ ਦੇ ਆਮ ਨਾਗਰਿਕ ਵੀ ਇਸ ਕੰਪਲੈਕਸ ਦਾ ਦੌਰਾ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਲਈ ਖਰੀਦੀਆਂ ਗਈਆਂ ਵੱਖ-ਵੱਖ ਵਸਤਾਂ ਦੇ ਵੇਰਵੇ ਵੀ ਜਨਤਕ ਕੀਤੇ ਗਏ ਹਨ।

ਦਿੱਲੀ ਦੇ ਸੱਭਿਆਚਾਰ ਮੰਤਰੀ ਕਪਿਲ ਮਿਸ਼ਰਾ ਨੇ ਵੀ ਕਿਹਾ ਕਿ ਹੁਣ ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆਂ ਤੋਂ ਆਉਣ ਵਾਲੇ ਲੋਕ ਇਸ ਬੰਗਲੇ ਨੂੰ ਦੇਖ ਸਕਣਗੇ। ਉਨ੍ਹਾਂ ਦਾਅਵਾ ਕੀਤਾ ਕਿ ਮੀਡੀਆ ਰਾਹੀਂ ਦੇਸ਼ ਦੇ ਲੋਕਾਂ ਨੂੰ ਇਸ ਰਿਹਾਇਸ਼ ਦੀ ਅੰਦਰੂਨੀ ਸਜਾਵਟ ਅਤੇ ਇਸ ’ਤੇ ਹੋਏ ਖਰਚਿਆਂ ਬਾਰੇ ਜਾਣਕਾਰੀ ਮਿਲੇਗੀ।

ਮਿਸ਼ਰਾ ਨੇ ਦੋਸ਼ ਲਾਇਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਜਦੋਂ ਦਿੱਲੀ ਆਕਸੀਜਨ ਦੀ ਘਾਟ ਨਾਲ ਜੂਝ ਰਹੀ ਸੀ, ਉਸ ਸਮੇਂ ਕੇਜਰੀਵਾਲ ਦੀ ਸਰਕਾਰ ਵੱਲੋਂ ਇਸ ਬੰਗਲੇ ’ਤੇ ਵੱਡੇ ਪੱਧਰ ’ਤੇ ਪੈਸਾ ਖਰਚ ਕੀਤਾ ਗਿਆ। ਉਨ੍ਹਾਂ ਇਸ ਖਰਚੇ ਨੂੰ ਭ੍ਰਿਸ਼ਟਾਚਾਰ ਅਤੇ ਜਨਤਕ ਪੈਸੇ ਦੀ ਦੁਰਵਰਤੋਂ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਕੇਜਰੀਵਾਲ ਪਹਿਲਾਂ ਇੱਕ ਸਧਾਰਨ ਅਤੇ ਇੱਕ ਕਮਰੇ ਵਾਲੇ ਘਰ ਵਿੱਚ ਰਹਿਣ ਦੀ ਗੱਲ ਕਰਦੇ ਰਹੇ ਹਨ, ਪਰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਹੋਏ ਖਰਚੇ ਇਸ ਦਾਅਵੇ ਤੋਂ ਬਿਲਕੁਲ ਵੱਖਰੀ ਤਸਵੀਰ ਪੇਸ਼ ਕਰਦੇ ਹਨ।

ਕਪਿਲ ਮਿਸ਼ਰਾ ਨੇ ਬੰਗਲੇ ਵਿੱਚ ਵਰਤੀਆਂ ਗਈਆਂ ਵਸਤਾਂ ਬਾਰੇ ਦਾਅਵਾ ਕਰਦਿਆਂ ਕਿਹਾ ਕਿ ਇੱਥੇ ਵਿਦੇਸ਼ਾਂ ਤੋਂ ਮਹਿੰਗਾ ਸਾਮਾਨ ਮੰਗਵਾਇਆ ਗਿਆ ਸੀ। ਉਨ੍ਹਾਂ ਅਨੁਸਾਰ, ਸੰਗਮਰਮਰ ਵੀਅਤਨਾਮ ਤੋਂ ਦਰਾਮਦ ਕੀਤਾ ਗਿਆ, ਜਦਕਿ ਕਰੌਕਰੀ ਅਤੇ ਮੇਜ਼ਾਂ ਸਮੇਤ ਹੋਰ ਸਾਮਾਨ ਵੱਖ-ਵੱਖ ਦੇਸ਼ਾਂ ਤੋਂ ਖਰੀਦਿਆ ਗਿਆ ਸੀ।

ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਬੰਗਲੇ ਨੂੰ ਜਨਤਾ ਲਈ ਖੋਲ੍ਹਣ ਨਾਲ ਲੋਕਾਂ ਨੂੰ ਇਸ ’ਤੇ ਹੋਏ ਖਰਚੇ ਅਤੇ ਸਰਕਾਰੀ ਪੈਸੇ ਦੀ ਵਰਤੋਂ ਬਾਰੇ ਖੁਦ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲੇਗਾ।