ਅਮਰੀਕਾ ’ਚ ਜਬਰ-ਜ਼ਨਾਹ ਦੇ ਦੋਸ਼ੀ ਗੁਰਮੀਤ ਸਿੰਘ ਦੀ ਨਾਗਰਿਕਤਾ ਖ਼ਤਮ, 20 ਸਾਲ ਦੀ ਸਜ਼ਾ
ਅਮਰੀਕਾ ਦੀ ਈਸਟਰਨ ਡਿਸਟ੍ਰਿਕਟ ਆਫ਼ ਨਿਊਯਾਰਕ ਦੀ ਅਦਾਲਤ ਨੇ ਭਾਰਤੀ ਮੂਲ ਦੇ ਗੁਰਮੀਤ ਸਿੰਘ ਦੀ ਅਮਰੀਕੀ ਨਾਗਰਿਕਤਾ ਰੱਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਗੁਰਮੀਤ ਸਿੰਘ ਨੂੰ ਜਬਰ-ਜ਼ਨਾਹ ਅਤੇ ਅਗਵਾ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਅਮਰੀਕੀ ਅਧਿਕਾਰੀਆਂ ਮੁਤਾਬਕ ਉਸ ਨੇ ਨਾਗਰਿਕਤਾ ਹਾਸਲ ਕਰਨ ਦੀ ਪ੍ਰਕਿਰਿਆ ਦੌਰਾਨ ਆਪਣੇ ਅਪਰਾਧਿਕ ਪਿਛੋਕੜ ਨਾਲ ਜੁੜੀ ਅਹਿਮ ਜਾਣਕਾਰੀ ਲੁਕਾਈ ਸੀ।
ਅਮਰੀਕੀ ਅਟਾਰਨੀ ਜਨਰਲ ਟੌਡ ਬਲੈਂਚ ਨੇ ਕਿਹਾ ਕਿ ਨਾਗਰਿਕਤਾ ਕਿਸੇ ਅਪਰਾਧੀ ਲਈ ਕਾਨੂੰਨੀ ਸੁਰੱਖਿਆ ਕਵਚ ਨਹੀਂ ਬਣ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਨਾਗਰਿਕਤਾ ਧੋਖਾਧੜੀ ਜਾਂ ਗਲਤ ਜਾਣਕਾਰੀ ਦੇ ਆਧਾਰ ’ਤੇ ਹਾਸਲ ਕੀਤੀ ਗਈ ਹੋਵੇ ਤਾਂ ਕਾਨੂੰਨ ਅਨੁਸਾਰ ਉਸ ਨੂੰ ਰੱਦ ਕੀਤਾ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ ਗੁਰਮੀਤ ਸਿੰਘ 1992 ਵਿੱਚ ਅਸਥਾਈ ਵੀਜ਼ੇ ’ਤੇ ਅਮਰੀਕਾ ਪਹੁੰਚਿਆ ਸੀ ਅਤੇ ਸਾਲ 2000 ਵਿੱਚ ਉਸ ਨੂੰ ਸਥਾਈ ਨਿਵਾਸ ਦਾ ਦਰਜਾ ਮਿਲਿਆ। ਮਈ 2011 ਵਿੱਚ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦੇਣ ਤੋਂ ਕੁਝ ਹਫ਼ਤੇ ਪਹਿਲਾਂ ਟੈਕਸੀ ਡਰਾਈਵਰ ਵਜੋਂ ਕੰਮ ਕਰਦਿਆਂ ਉਸ ’ਤੇ ਇੱਕ ਮਹਿਲਾ ਯਾਤਰੀ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਨੂੰ ਅਗਵਾ ਕਰਨ ਦੇ ਦੋਸ਼ ਲੱਗੇ।
ਅਦਾਲਤੀ ਰਿਕਾਰਡ ਮੁਤਾਬਕ ਨਾਗਰਿਕਤਾ ਦੀ ਅਰਜ਼ੀ ਪ੍ਰਕਿਰਿਆ ਦੌਰਾਨ ਉਸ ਨੇ ਇਹ ਅਪਰਾਧ ਛੁਪਾਇਆ ਅਤੇ ਅਕਤੂਬਰ 2011 ਵਿੱਚ ਅਮਰੀਕੀ ਨਾਗਰਿਕਤਾ ਹਾਸਲ ਕਰ ਲਈ। ਬਾਅਦ ਵਿੱਚ ਨਿਊਯਾਰਕ ਦੀ ਅਦਾਲਤ ਨੇ ਉਸ ਨੂੰ ਪਹਿਲੇ ਦਰਜੇ ਦੇ ਜਬਰ-ਜ਼ਨਾਹ ਅਤੇ ਅਗਵਾ ਦੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੰਦਿਆਂ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ।
ਜਸਟਿਸ ਡਿਪਾਰਟਮੈਂਟ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਅਦਾਲਤ ਨੇ ਹੁਣ ਗੁਰਮੀਤ ਸਿੰਘ ਦੀ ਅਮਰੀਕੀ ਨਾਗਰਿਕਤਾ ਰੱਦ ਕਰਨ ਦਾ ਅੰਤਿਮ ਹੁਕਮ ਜਾਰੀ ਕਰ ਦਿੱਤਾ ਹੈ।







