ਆਟਾ-ਦਾਲ ਸਕੀਮ: ਕਣਕ ਦੀ ਬੋਰੀ ਖੋਲ੍ਹਦਿਆਂ ਹੀ ਸਾਹਮਣੇ ਆਇਆ ਵੱਡਾ ਫਰਕ

ਆਟਾ-ਦਾਲ ਸਕੀਮ ਦੀ ਕਣਕ ’ਤੇ ਸਵਾਲ, ਬੋਰੀਆਂ ’ਚੋਂ ਨਿਕਲ ਰਿਹਾ ਵੱਧ ਵਜ਼ਨ

ਕੰਢੀ ਖੇਤਰ ਦੇ ਪਿੰਡਾਂ ਵਿੱਚ ਸਰਕਾਰੀ ਡਿਪੂਆਂ ਰਾਹੀਂ ਆਟਾ-ਦਾਲ ਸਕੀਮ ਤਹਿਤ ਵੰਡੀ ਜਾ ਰਹੀ ਕਣਕ ਦੀਆਂ 50 ਕਿਲੋ ਵਾਲੀਆਂ ਬੋਰੀਆਂ ਦਾ ਵਜ਼ਨ ਡੇਢ ਤੋਂ 4 ਕਿਲੋ ਤੱਕ ਵੱਧ ਨਿਕਲਣ ਦਾ ਮਾਮਲਾ ਚਰਚਾ ਵਿੱਚ ਆ ਗਿਆ ਹੈ। ਕੰਢੀ ਨਸ਼ਾ ਮੁਕਤ ਸੰਘਰਸ਼ ਕਮੇਟੀ ਨੇ ਦੋਸ਼ ਲਾਇਆ ਹੈ ਕਿ ਕਣਕ ਦਾ ਵਜ਼ਨ ਵਧਾਉਣ ਲਈ ਕਥਿਤ ਤੌਰ ’ਤੇ ਇਸ ਵਿੱਚ ਪਾਣੀ ਪਾਇਆ ਜਾ ਰਿਹਾ ਹੈ, ਜਿਸ ਨੂੰ ਕਮੇਟੀ ਨੇ ਲਾਭਪਾਤਰੀਆਂ ਅਤੇ ਸਰਕਾਰ ਨਾਲ ਧੋਖਾਧੜੀ ਕਰਾਰ ਦਿੱਤਾ ਹੈ। ਦੂਜੇ ਪਾਸੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ।

ਪਿੰਡ ਬਹਿਲੱਖਣ ਅਤੇ ਨੱਥੂਵਾਲ ਵਿੱਚ ਕਣਕ ਲੈਣ ਪੁੱਜੇ ਕੁਝ ਲਾਭਪਾਤਰੀਆਂ ਮੁਤਾਬਕ 50 ਕਿਲੋ ਦੀ ਭਰਤੀ ਵਾਲੀ ਬੋਰੀ ਵਿੱਚੋਂ ਔਸਤਨ 2 ਤੋਂ ਢਾਈ ਕਿਲੋ ਤੱਕ ਵੱਧ ਕਣਕ ਨਿਕਲ ਰਹੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਬੋਰੀ ਖੋਲ੍ਹਣ ਤੋਂ ਬਾਅਦ ਡਿਪੂ ਹੋਲਡਰ ਵਾਧੂ ਕਣਕ ਆਪਣੇ ਕੋਲ ਰੱਖ ਰਹੇ ਹਨ। ਲਾਭਪਾਤਰੀਆਂ ਨੇ ਕਿਹਾ ਕਿ ਜੇਕਰ ਮੰਡੀਆਂ ਤੋਂ 50 ਕਿਲੋ ਦੀ ਭਰਤੀ ਕੀਤੀ ਜਾਂਦੀ ਹੈ ਤਾਂ ਡਿਪੂਆਂ ’ਤੇ ਵਜ਼ਨ ਵੱਧ ਨਿਕਲਣ ਦਾ ਕਾਰਨ ਸਪੱਸ਼ਟ ਹੋਣਾ ਚਾਹੀਦਾ ਹੈ।

ਕਮੇਟੀ ਦੇ ਪ੍ਰਧਾਨ ਸੁਭਾਸ਼ ਸਿੰਘ ਨੱਥੂਵਾਲ ਨੇ ਦੋਸ਼ ਲਾਇਆ ਕਿ ਡਿਪੂ ਹੋਲਡਰਾਂ ਨੂੰ ਸਪਲਾਈ ਕੀਤੀ ਜਾ ਰਹੀ ਕਣਕ ਵਿੱਚ ਕਥਿਤ ਤੌਰ ’ਤੇ ਪਾਣੀ ਪਾ ਕੇ ਉਸ ਦਾ ਵਜ਼ਨ ਵਧਾਇਆ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਅਸਲ ਸਥਿਤੀ ਸਾਹਮਣੇ ਲਿਆਂਦੀ ਜਾਵੇ।

ਉਧਰ ਡਿਪੂ ਹੋਲਡਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਣਕ 50 ਕਿਲੋ ਪ੍ਰਤੀ ਬੋਰੀ ਦੇ ਹਿਸਾਬ ਨਾਲ ਨਹੀਂ, ਸਗੋਂ ਸਪਲਾਈ ਕਰਨ ਵਾਲੇ ਵਾਹਨ ਦੇ ਕੁੱਲ ਵਜ਼ਨ ਦੇ ਆਧਾਰ ’ਤੇ ਮਿਲਦੀ ਹੈ। ਉਨ੍ਹਾਂ ਮੁਤਾਬਕ ਜੇਕਰ ਉਹ ਹਰ ਬੋਰੀ ਵਿੱਚੋਂ ਨਿਰਧਾਰਤ 50 ਕਿਲੋ ਹੀ ਲਾਭਪਾਤਰੀਆਂ ਨੂੰ ਦੇਣ ਤਾਂ ਉਨ੍ਹਾਂ ਕੋਲ ਪਹੁੰਚੀ ਕੁੱਲ ਸਪਲਾਈ ਪੂਰੀ ਨਹੀਂ ਪੈ ਸਕਦੀ।

ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਗੁਰਕ੍ਰਿਪਾਲ ਸਿੰਘ ਬੋਦਲ ਨੇ ਕਣਕ ਵਿੱਚ ਪਾਣੀ ਪਾਉਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਆਟਾ-ਦਾਲ ਸਕੀਮ ਤਹਿਤ ਕਣਕ ਦੀ ਨਿਰਧਾਰਤ ਭਰਤੀ 50 ਕਿਲੋ ਹੈ ਅਤੇ ਕਿਸੇ ਵੀ ਡਿਪੂ ਹੋਲਡਰ ਨੂੰ ਵਾਧੂ ਕਣਕ ਕੱਢਣ ਦੇ ਹੁਕਮ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਨਮੀ ਵਧਣ ਕਾਰਨ ਕਣਕ ਦੇ ਵਜ਼ਨ ਵਿੱਚ ਵਾਧਾ ਹੋ ਸਕਦਾ ਹੈ। ਇਸ ਮਾਮਲੇ ਦੀ ਜਾਂਚ ਕਰਕੇ ਲੋੜ ਅਨੁਸਾਰ ਡਿਪੂ ਹੋਲਡਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।