ਅਤਿਵਾਦ ਖ਼ਿਲਾਫ਼ ਭਾਰਤ ਦਾ ਰੁਖ ਸਪੱਸ਼ਟ, ਜ਼ੀਰੋ ਟੋਲਰੈਂਸ ਨੀਤੀ ’ਤੇ ਜ਼ੋਰ: ਮੋਦੀ

‘ਮਨ ਕੀ ਬਾਤ’ ’ਚ ਮੋਦੀ ਨੇ ਸਰਜੀਕਲ ਸਟ੍ਰਾਈਕ ਨੂੰ ਕੀਤਾ ਯਾਦ, ਅਤਿਵਾਦ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਦਾ ਜ਼ਿਕਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 2016 ਦੀ ਸਰਜੀਕਲ ਸਟ੍ਰਾਈਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਕਾਰਵਾਈ ਨੇ ਅਤਿਵਾਦ ਨਾਲ ਨਜਿੱਠਣ ਸਬੰਧੀ ਭਾਰਤ ਦੀ ਨੀਤੀ ਨੂੰ ਦੁਨੀਆ ਸਾਹਮਣੇ ਨਵੇਂ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਹੁਣ ਅਤਿਵਾਦ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ’ਤੇ ਅੱਗੇ ਵੱਧ ਰਿਹਾ ਹੈ।

ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 138ਵੇਂ ਐਪੀਸੋਡ ਵਿੱਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ 28-29 ਸਤੰਬਰ 2016 ਨੂੰ ਕੀਤੀ ਗਈ ਸਰਜੀਕਲ ਸਟ੍ਰਾਈਕ ਨੂੰ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਨੇ ਕੰਟਰੋਲ ਰੇਖਾ (LoC) ਪਾਰ ਕਰਕੇ ਪਾਕਿਸਤਾਨ ਵਿੱਚ ਮੌਜੂਦ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੜੀ ਵਿੱਚ ਹੋਏ ਅਤਿਵਾਦੀ ਹਮਲੇ, ਜਿਸ ਵਿੱਚ 18 ਭਾਰਤੀ ਜਵਾਨ ਸ਼ਹੀਦ ਹੋਏ ਸਨ, ਤੋਂ ਕਰੀਬ 11 ਦਿਨ ਬਾਅਦ ਸਰਜੀਕਲ ਸਟ੍ਰਾਈਕ ਕੀਤੀ ਗਈ। ਉਨ੍ਹਾਂ ਇਸ ਕਾਰਵਾਈ ਨੂੰ ਲੰਬੇ ਸਮੇਂ ਤੋਂ ਅਤਿਵਾਦੀ ਹਮਲਿਆਂ ਦਾ ਸਾਹਮਣਾ ਕਰ ਰਹੇ ਭਾਰਤ ਵੱਲੋਂ ਦਿੱਤਾ ਗਿਆ ਫ਼ੈਸਲਾਕੁਨ ਜਵਾਬ ਦੱਸਿਆ।

ਮੋਦੀ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ ਰਾਹੀਂ ਦੁਨੀਆ ਨੂੰ ਭਾਰਤ ਦੀ ਅਤਿਵਾਦ ਵਿਰੋਧੀ ਨੀਤੀ ਬਾਰੇ ਸਪੱਸ਼ਟ ਸੰਦੇਸ਼ ਮਿਲਿਆ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਦਹਾਕੇ ਦੌਰਾਨ ਬਾਲਾਕੋਟ ਏਅਰਸਟ੍ਰਾਈਕ ਤੋਂ ਲੈ ਕੇ ‘ਅਪਰੇਸ਼ਨ ਸਿੰਧੂਰ’ ਤੱਕ ਭਾਰਤ ਨੇ ਅਤਿਵਾਦ ਖ਼ਿਲਾਫ਼ ਆਪਣੇ ਰੁਖ ਨੂੰ ਸਪੱਸ਼ਟ ਰੱਖਿਆ ਹੈ।

ਉਨ੍ਹਾਂ 9/11 ਦੇ ਅਮਰੀਕਾ ਵਿੱਚ ਹੋਏ ਅਤਿਵਾਦੀ ਹਮਲੇ ਨੂੰ ਵੀ ਯਾਦ ਕੀਤਾ। ਮੋਦੀ ਨੇ ਕਿਹਾ ਕਿ ਇਸ ਹਮਲੇ ਨੂੰ 25 ਸਾਲ ਪੂਰੇ ਹੋ ਗਏ ਹਨ ਅਤੇ ਮਾਰੇ ਗਏ ਲੋਕਾਂ ਵਿੱਚ ਅਮਰੀਕੀਆਂ ਤੋਂ ਬਾਅਦ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਸੀ।

ਪ੍ਰਧਾਨ ਮੰਤਰੀ ਨੇ 13 ਸਤੰਬਰ 2008 ਨੂੰ ਦਿੱਲੀ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਅਤੇ 26/11 ਦੇ ਮੁੰਬਈ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਦੇਸ਼ ਵਿੱਚ ਲੜੀਵਾਰ ਧਮਾਕੇ ਵਾਪਰਨਾ ਆਮ ਗੱਲ ਬਣ ਗਈ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਅਤਿਵਾਦੀ ਹਮਲਿਆਂ ਤੋਂ ਬਾਅਦ ਪਾਕਿਸਤਾਨ ਖ਼ਿਲਾਫ਼ ਕਾਰਵਾਈ ਦੀ ਮੰਗ ਤਾਂ ਹੁੰਦੀ ਸੀ, ਪਰ ਉਸ ਸਮੇਂ ਅਜਿਹੀਆਂ ਮੰਗਾਂ ਨੂੰ ਉਹ ਤਰਜੀਹ ਨਹੀਂ ਮਿਲਦੀ ਸੀ।

ਮੋਦੀ ਨੇ ਕਿਹਾ ਕਿ ਮੌਜੂਦਾ ਸਮੇਂ ਭਾਰਤ ਅਤਿਵਾਦ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾ ਰਿਹਾ ਹੈ ਅਤੇ ਇਸ ਦੇ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਹਨ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਚੱਲ ਰਹੀ ਮਰਦਮਸ਼ੁਮਾਰੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਸ ਦਾ ਪਹਿਲਾ ਪੜਾਅ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ 32 ਕਰੋੜ ਤੋਂ ਵੱਧ ਪਰਿਵਾਰਾਂ ਨਾਲ ਸਬੰਧਤ ਜਾਣਕਾਰੀ ਦਰਜ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੱਦਾਖ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਦੇ ਬਰਫ਼ਬਾਰੀ ਵਾਲੇ ਅਤੇ ਦੁਰਗਮ ਖੇਤਰਾਂ ਵਿੱਚ ਵੀ ਮਰਦਮਸ਼ੁਮਾਰੀ ਨਾਲ ਸਬੰਧਤ ਕੰਮ ਜਾਰੀ ਹੈ।