ਹੁਣੇ ਹੁਣੇ ਦੀਵਾਲੀ ਦੀ ਰਾਤ ਮੌਸਮ ਬਾਰੇ ਵਿਭਾਗ ਨੇ ਕਰ’ਤੀ ਭਵਿੱਖਬਾਣੀ

ਅੱਜ ਪੂਰੇ ਦੇਸ਼ ਵਿੱਚ ਦੀਵਾਲੀ ਦਾ ਤਿਉਹਾਰ ਬੜੇ ਚਾਵ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਹਾਲਾਂਕਿ ਪਿਛਲੇ ਦਿਨਾਂ ਦੀਆਂ ਮੌਸਮ ਸਬੰਧੀ ਭਵਿੱਖਬਾਣੀਆਂ ਕਾਰਨ ਲੋਕਾਂ ਵਿੱਚ ਇਹ ਚਿੰਤਾ ਵੀ ਹੈ ਕਿ ਕਿਤੇ ਮੀਂਹ ਤਿਉਹਾਰ ਦੀਆਂ ਖੁਸ਼ੀਆਂ ਨੂੰ ਫੀਕਾ ਨਾ ਕਰ ਦੇਵੇ। ਇਸ ਸਬੰਧ ਵਿੱਚ ਮੌਸਮ ਵਿਭਾਗ (IMD) ਨੇ 20 ਅਕਤੂਬਰ ਦੀ ਦੀਵਾਲੀ ਅਤੇ ਇਸਦੇ ਆਲੇ-ਦੁਆਲੇ ਦੇ ਦਿਨਾਂ ਲਈ ਨਵੀਂ ਭਵਿੱਖਬਾਣੀ ਜਾਰੀ ਕੀਤੀ ਹੈ।

🌤️ ਪੰਜਾਬ ਦਾ ਮੌਸਮ

ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ। ਇਸ ਹਫ਼ਤੇ ਮੀਂਹ ਦੇ ਕੋਈ ਆਸਾਰ ਨਹੀਂ ਹਨ, ਹਾਲਾਂਕਿ ਪਹਾੜੀ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਜਿਸ ਨਾਲ ਮੈਦਾਨੀ ਇਲਾਕਿਆਂ ਵਿੱਚ ਠੰਢ ਵਧੇਗੀ। ਹਵਾ ਦੇ ਰੁਖ਼ ਬਦਲਣ ਨਾਲ ਸ਼ਾਮ ਦੇ ਸਮੇਂ ਠੰਡ ਮਹਿਸੂਸ ਹੋਣ ਲੱਗੇਗੀ।

🌫️ ਦਿੱਲੀ ਦਾ ਮੌਸਮ

ਦਿੱਲੀ ਵਿੱਚ 23 ਅਕਤੂਬਰ ਤੱਕ ਸਵੇਰੇ ਹਲਕੀ ਧੁੰਦ ਰਹਿਣ ਦੀ ਸੰਭਾਵਨਾ ਹੈ, ਪਰ ਦਿਨ ਦੇ ਵੇਲੇ ਅਸਮਾਨ ਸਾਫ਼ ਰਹੇਗਾ। ਅੱਜ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਤੇ ਘੱਟੋ-ਘੱਟ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਅਗਲੇ ਦਿਨਾਂ ਵਿੱਚ ਤਾਪਮਾਨ ਹੌਲੀ-ਹੌਲੀ ਘਟਦਾ ਰਹੇਗਾ, ਜਿਸ ਨਾਲ ਦੀਵਾਲੀ ਤੱਕ ਠੰਢ ਹੋਰ ਵਧੇਗੀ

❄️ ਯੂਪੀ ਤੇ ਬਿਹਾਰ ਵਿੱਚ ਠੰਡ ਦਾ ਅਹਿਸਾਸ

ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੀ ਮੌਸਮ ਵਿੱਚ ਬਦਲਾਅ ਦੇ ਅਸਾਰ ਹਨ। ਸਵੇਰੇ ਅਤੇ ਸ਼ਾਮ ਨੂੰ ਠੰਡ ਵਧ ਰਹੀ ਹੈ, ਜਦੋਂ ਕਿ ਦਿਨ ਦੇ ਸਮੇਂ ਹਲਕੀ ਗਰਮੀ ਰਹਿੰਦੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਤਾਪਮਾਨ 2 ਤੋਂ 3 ਡਿਗਰੀ ਤੱਕ ਘੱਟ ਸਕਦਾ ਹੈ

🏔️ ਹਿਮਾਲਿਆਈ ਰਾਜਾਂ ਵਿੱਚ ਬਰਫਬਾਰੀ ਦੀ ਸੰਭਾਵਨਾ

ਦੀਵਾਲੀ ਦੇ ਆਸ-ਪਾਸ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਉੱਚੇ ਇਲਾਕਿਆਂ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਇਸ ਨਾਲ ਮੈਦਾਨੀ ਇਲਾਕਿਆਂ ਵਿੱਚ ਠੰਢੀਆਂ ਹਵਾਵਾਂ ਚੱਲਣਗੀਆਂ, ਜਿਸ ਨਾਲ ਦਿੱਲੀ-ਐਨਸੀਆਰ, ਹਰਿਆਣਾ, ਪੰਜਾਬ, ਯੂਪੀ ਤੇ ਬਿਹਾਰ ਵਿੱਚ ਸਰਦੀ ਹੋਰ ਤੇਜ਼ ਹੋ ਜਾਵੇਗੀ।

🌧️ ਦੱਖਣੀ ਭਾਰਤ ਵਿੱਚ ਭਾਰੀ ਮੀਂਹ ਦੀ ਚੇਤਾਵਨੀ

ਮੌਸਮ ਵਿਭਾਗ ਮੁਤਾਬਕ ਦੱਖਣ-ਪੂਰਬੀ ਅਰਬ ਸਾਗਰ ਅਤੇ ਲਕਸ਼ਦੀਪ ਖੇਤਰ ਵਿੱਚ ਚੱਕਰਵਾਤੀ ਹਵਾਈ ਪ੍ਰਣਾਲੀ ਸਰਗਰਮ ਹੈ। 18 ਅਕਤੂਬਰ ਤੱਕ ਘੱਟ ਦਬਾਅ ਵਾਲਾ ਖੇਤਰ ਬਣ ਸਕਦਾ ਹੈ, ਜੋ ਅਗਲੇ 48 ਘੰਟਿਆਂ ਵਿੱਚ ਹੋਰ ਤੀਬਰ ਹੋ ਸਕਦਾ ਹੈ। ਇਸ ਕਾਰਨ ਕੇਰਲ, ਤਾਮਿਲਨਾਡੂ, ਕਰਨਾਟਕ, ਪੁਡੂਚੇਰੀ, ਰਾਇਲਸੀਮਾ ਅਤੇ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਖੇਤਰਾਂ ਵਿੱਚ 18 ਤੋਂ 23 ਅਕਤੂਬਰ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ-ਤੂਫ਼ਾਨ ਦੀ ਸੰਭਾਵਨਾ ਹੈ। ਲਕਸ਼ਦੀਪ ਅਤੇ ਤੱਟੀ ਕਰਨਾਟਕ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ।

☁️ ਪੂਰਬੀ ਤੇ ਮੱਧ ਭਾਰਤ ਦਾ ਮੌਸਮ

ਓਡੀਸ਼ਾ, ਛੱਤੀਸਗੜ੍ਹ, ਝਾਰਖੰਡ ਅਤੇ ਮੱਧ ਪ੍ਰਦੇਸ਼ ਦੇ ਦੱਖਣੀ ਹਿੱਸਿਆਂ ਵਿੱਚ 19 ਤੋਂ 21 ਅਕਤੂਬਰ ਦੇ ਵਿਚਕਾਰ ਹਲਕੀ ਬਾਰਿਸ਼ ਤੇ ਗਰਜ-ਤੂਫ਼ਾਨ ਦੀ ਸੰਭਾਵਨਾ ਹੈ। ਮਹਾਰਾਸ਼ਟਰ ਤੇ ਗੋਆ ਦੇ ਕੁਝ ਹਿੱਸਿਆਂ ਵਿੱਚ ਵੀ ਦਰਮਿਆਨੀ ਬਾਰਿਸ਼ ਤੇ ਗਰਜ ਨਾਲ ਮੀਂਹ ਪੈ ਸਕਦਾ ਹੈ।