ਸੜਕ ’ਤੇ ਬੈਠੀ ਗਾਂ ਕਾਰਨ ਵਾਪਰਿਆ ਖੌਫਨਾਕ ਹਾਦਸਾ, 22 ਜ਼ਖਮੀ

Madhya Pradesh Road Accident: ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿੱਚ ਰਾਸ਼ਟਰੀ ਰਾਜਮਾਰਗ-719 ’ਤੇ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ, ਜਦਕਿ 22 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਗੋਹੜ ਚੌਰਾਹਾ ਥਾਣਾ ਖੇਤਰ ਦੇ ਛੀਮਕਾ ਪਿੰਡ ਨੇੜੇ ਇੱਕ ਲੋਡਿੰਗ ਵਾਹਨ ਅਤੇ ਟਰੱਕ ਦਰਮਿਆਨ ਹੋਈ ਜ਼ਬਰਦਸਤ ਟੱਕਰ ਕਾਰਨ ਵਾਪਰਿਆ। ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਰਾਹਤ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਤੁਰੰਤ ਗੋਹੜ ਦੇ ਸਿਹਤ ਕੇਂਦਰ ਪਹੁੰਚਾਇਆ ਗਿਆ। ਗੰਭੀਰ ਹਾਲਤ ਵਾਲੇ ਕਈ ਲੋਕਾਂ ਨੂੰ ਬਾਅਦ ਵਿੱਚ ਗਵਾਲੀਅਰ ਰੈਫਰ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ, ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਪਚਗਵਾਂ ਅਤੇ ਆਸ-ਪਾਸ ਦੇ ਪਿੰਡਾਂ ਦੇ ਮਜ਼ਦੂਰ ਗਵਾਲੀਅਰ ਜ਼ਿਲ੍ਹੇ ਦੇ ਚਿਨੌਰ ਪਿੰਡ ਵਿੱਚ ਝੋਨੇ ਦੀ ਬਿਜਾਈ ਦਾ ਕੰਮ ਮੁਕੰਮਲ ਕਰਨ ਤੋਂ ਬਾਅਦ ਲੋਡਿੰਗ ਵਾਹਨ ਰਾਹੀਂ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸਨ। ਅੱਧੀ ਰਾਤ ਦੇ ਸਮੇਂ ਛੀਮਕਾ ਪਿੰਡ ਕੋਲ ਉਨ੍ਹਾਂ ਦਾ ਵਾਹਨ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਿਆ।

ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੜਕ ’ਤੇ ਬੈਠੀਆਂ ਗਾਵਾਂ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਇਹ ਹਾਦਸਾ ਵਾਪਰਿਆ। ਦੋਵੇਂ ਵਾਹਨਾਂ ਦੀ ਰਫ਼ਤਾਰ ਤੇਜ਼ ਹੋਣ ਕਾਰਨ ਟੱਕਰ ਬਹੁਤ ਭਿਆਨਕ ਸੀ। ਇਸ ਹਾਦਸੇ ਵਿੱਚ ਲੋਡਿੰਗ ਵਾਹਨ ’ਚ ਸਵਾਰ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਮੁਖੀ ਰਾਮਨਰੇਸ਼ ਯਾਦਵ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਕਾਰਜ ਸ਼ੁਰੂ ਕਰਵਾਏ। ‘ਡਾਇਲ 108’ ਐਂਬੂਲੈਂਸ ਸੇਵਾ ਤਹਿਤ ਪੰਜ ਐਂਬੂਲੈਂਸਾਂ ਮੌਕੇ ’ਤੇ ਭੇਜੀਆਂ ਗਈਆਂ, ਜਦਕਿ ‘ਡਾਇਲ 112’ ਵਾਹਨਾਂ ਦੀ ਵੀ ਮਦਦ ਲਈ ਗਈ। ਸਾਰੇ ਜ਼ਖਮੀਆਂ ਨੂੰ ਗੋਹੜ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ ਗਵਾਲੀਅਰ ਰੈਫਰ ਕੀਤੇ ਗਏ ਜ਼ਖਮੀਆਂ ਵਿੱਚੋਂ ਤਿੰਨ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਅੱਠ ਹੋ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਲੋਡਿੰਗ ਵਾਹਨ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਕਈ ਜ਼ਖਮੀਆਂ ਦੀ ਹਾਲਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਸਹੀ ਕਾਰਨਾਂ ਦੀ ਪੁਸ਼ਟੀ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ।