ਸੁਭਾਨਪੁਰ ’ਚ ਐੱਸਐੱਚਓ ’ਤੇ ਹਮਲਾ, ਪੁਲੀਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਧੀਆਂ

Punjab Police Attack: ਸੁਭਾਨਪੁਰ ’ਚ ਐੱਸਐੱਚਓ ’ਤੇ ਹਮਲਾ, ਦੋ ਮੁਲਜ਼ਮ ਗ੍ਰਿਫ਼ਤਾਰ

ਕਪੂਰਥਲਾ: ਸੁਭਾਨਪੁਰ ਦੇ ਬੱਸ ਅੱਡੇ ’ਤੇ ਹੰਗਾਮਾ ਕਰ ਰਹੇ ਕੁਝ ਨੌਜਵਾਨਾਂ ਨੂੰ ਰੋਕਣ ਗਏ ਥਾਣਾ ਮੁਖੀ (ਐੱਸਐੱਚਓ) ਅਮਨਦੀਪ ਸਿੰਘ ’ਤੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ ਗਿਆ। ਪੁਲੀਸ ਮੁਤਾਬਕ ਇਸ ਦੌਰਾਨ ਐੱਸਐੱਚਓ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਅਤੇ ਉਨ੍ਹਾਂ ਨੂੰ 6 ਤੋਂ 7 ਟਾਂਕੇ ਲਗਵਾਉਣੇ ਪਏ। ਕੁਝ ਦਿਨ ਇਲਾਜ ਅਧੀਨ ਰਹਿਣ ਮਗਰੋਂ ਉਹ ਹੁਣ ਸਿਹਤਯਾਬ ਹੋ ਕੇ ਮੁੜ ਡਿਊਟੀ ’ਤੇ ਪਰਤ ਆਏ ਹਨ।

ਕਪੂਰਥਲਾ ਪੁਲੀਸ ਨੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਹੋਰਨਾਂ ਦੀ ਭਾਲ ਜਾਰੀ ਹੈ। ਪੁਲੀਸ ਅਨੁਸਾਰ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਲਤਾਨਪੁਰ ਲੋਧੀ ਦੇ ਪਿੰਡ ਦਾਦਵਿੰਡੀ ਦੇ ਕਰਨਦੀਪ ਸਿੰਘ ਅਤੇ ਭੁਲੱਥ ਦੇ ਪਿੰਡ ਖੱਸਣ ਦੇ ਆਰੀਆ ਵਜੋਂ ਹੋਈ ਹੈ। ਦੋਵਾਂ ਖ਼ਿਲਾਫ਼ ਥਾਣਾ ਸੁਭਾਨਪੁਰ ਵਿੱਚ ਬੀਐੱਨਐੱਸ ਦੀ ਧਾਰਾ 109 ਸਮੇਤ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਸ਼ਰਾਬ ਪੀ ਕੇ ਹੰਗਾਮਾ ਕਰਨ ਤੋਂ ਰੋਕਣ ’ਤੇ ਹਮਲਾ

ਪੁਲੀਸ ਮੁਤਾਬਕ ਇਹ ਘਟਨਾ 13 ਸਤੰਬਰ ਨੂੰ ਵਾਪਰੀ। ਐੱਸਐੱਚਓ ਅਮਨਦੀਪ ਸਿੰਘ ਨੇ ਥਾਣੇ ਦੇ ਸਾਹਮਣੇ ਸਥਿਤ ਬੱਸ ਅੱਡੇ ’ਤੇ ਕੁਝ ਵਿਅਕਤੀਆਂ ਨੂੰ ਸ਼ਰਾਬ ਪੀ ਕੇ ਹੰਗਾਮਾ ਕਰਦਿਆਂ ਦੇਖਿਆ। ਦੱਸਿਆ ਗਿਆ ਕਿ ਉਨ੍ਹਾਂ ਨੇ ਇੱਕ ਵਾਹਨ ’ਤੇ ਸ਼ਰਾਬ ਦੀਆਂ ਬੋਤਲਾਂ ਆਦਿ ਰੱਖੀਆਂ ਹੋਈਆਂ ਸਨ ਅਤੇ ਬੱਸ ਅੱਡੇ ਦੇ ਉਸ ਹਿੱਸੇ ਵਿੱਚ ਹੰਗਾਮਾ ਕਰ ਰਹੇ ਸਨ, ਜਿੱਥੇ ਯਾਤਰੀ ਬੱਸਾਂ ਵਿੱਚ ਸਵਾਰ ਹੁੰਦੇ ਅਤੇ ਉਤਰਦੇ ਹਨ।

ਪੁਲੀਸ ਅਨੁਸਾਰ ਜਦੋਂ ਐੱਸਐੱਚਓ ਨੇ ਉਨ੍ਹਾਂ ਨੂੰ ਜਨਤਕ ਥਾਂ ’ਤੇ ਹੰਗਾਮਾ ਕਰਨ ਤੋਂ ਰੋਕਿਆ ਤਾਂ ਕੁਝ ਨੌਜਵਾਨਾਂ ਨੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਇੱਕ ਵਿਅਕਤੀ ਵੱਲੋਂ ਲੋਹੇ ਦਾ ਕੜਾ ਐੱਸਐੱਚਓ ਦੇ ਸਿਰ ’ਤੇ ਮਾਰਿਆ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਏ।

ਦੋ ਮੁਲਜ਼ਮ ਕਾਬੂ, ਬਾਕੀਆਂ ਦੀ ਭਾਲ

ਕਪੂਰਥਲਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਬੱਸ ਅੱਡੇ ’ਤੇ 7 ਤੋਂ 8 ਵਿਅਕਤੀ ਬੈਠੇ ਹੋਏ ਸਨ। ਜਦੋਂ ਐੱਸਐੱਚਓ ਨੇ ਉਨ੍ਹਾਂ ਨੂੰ ਹੰਗਾਮਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਹਮਲਾ ਕੀਤਾ ਗਿਆ। ਉਨ੍ਹਾਂ ਮੁਤਾਬਕ ਘਟਨਾ ਸਮੇਂ ਇਹ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਐੱਸਐੱਸਪੀ ਨੇ ਕਿਹਾ ਕਿ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੀ ਕਾਬੂ ਕਰਨ ਲਈ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਜਲੰਧਰ ’ਚ ਵੀ ਪੁਲੀਸ ’ਤੇ ਕਥਿਤ ਹਮਲੇ ਦੀ ਕੋਸ਼ਿਸ਼

ਇਸੇ ਦੌਰਾਨ ਜਲੰਧਰ ਵਿੱਚ ਜੰਡਿਆਲਾ ਪੁਲੀਸ ਚੌਕੀ ਦੇ ਅਧੀਨ ਨਾਕੇ ’ਤੇ ਰੁਟੀਨ ਚੈਕਿੰਗ ਦੌਰਾਨ ਇੱਕ ਸਕੌਰਪੀਓ ਸਵਾਰ ਵਿਅਕਤੀ ਵੱਲੋਂ ਪੁਲੀਸ ਮੁਲਾਜ਼ਮਾਂ ’ਤੇ ਕਥਿਤ ਤੌਰ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਪੁਲੀਸ ਮੁਤਾਬਕ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਵਿਅਕਤੀ ਨੂੰ ਕਾਬੂ ਕਰ ਲਿਆ।

ਸੁਭਾਨਪੁਰ ਦੀ ਘਟਨਾ ਅਤੇ ਜਲੰਧਰ ਵਿੱਚ ਸਾਹਮਣੇ ਆਏ ਇਸ ਮਾਮਲੇ ਨੇ ਪੁਲੀਸ ਮੁਲਾਜ਼ਮਾਂ ਨਾਲ ਡਿਊਟੀ ਦੌਰਾਨ ਹੋਣ ਵਾਲੀਆਂ ਹਿੰਸਕ ਘਟਨਾਵਾਂ ਨੂੰ ਲੈ ਕੇ ਮੁੜ ਚਰਚਾ ਛੇੜ ਦਿੱਤੀ ਹੈ।