ਸਿੱਖਿਆ ਸੁਧਾਰਾਂ ਦਾ ਅਸਰ, ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਇਆ ਨਵਾਂ ਦੌਰ

Punjab Government Schools: ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਨੂੰ ਮਜ਼ਬੂਤ ਅਤੇ ਆਧੁਨਿਕ ਬਣਾਉਣ ਲਈ ਲਗਾਤਾਰ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ‘ਸਿੱਖਿਆ ਕ੍ਰਾਂਤੀ’ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਤਸਵੀਰ ਹੀ ਬਦਲ ਦਿੱਤੀ ਹੈ। ਸਿੱਖਿਆ ਪ੍ਰਣਾਲੀ ਵਿੱਚ ਲਾਗੂ ਕੀਤੇ ਗਏ ਸੁਧਾਰਾਂ ਕਾਰਨ ਅੱਜ ਸਰਕਾਰੀ ਸਕੂਲ ਸਿੱਖਿਆ ਦੀ ਗੁਣਵੱਤਾ ਅਤੇ ਸਹੂਲਤਾਂ ਦੇ ਮਾਮਲੇ ਵਿੱਚ ਪ੍ਰਾਈਵੇਟ ਸੰਸਥਾਵਾਂ ਨੂੰ ਟੱਕਰ ਦੇ ਰਹੇ ਹਨ।

ਵਿਦਿਆਰਥਣਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ‘ਸਕੂਲ ਆਫ਼ ਐਮੀਨੈਂਸ’ ਅਤੇ ਹੋਰ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਲੜਕੀਆਂ ਲਈ ਮੁਫ਼ਤ ਬੱਸ ਸੇਵਾ ਚਲਾਈ ਜਾ ਰਹੀ ਹੈ। ਇਸ ਯੋਜਨਾ ਦਾ ਲਾਭ ਲਗਭਗ 15,500 ਵਿਦਿਆਰਥਣਾਂ ਤੱਕ ਪਹੁੰਚ ਰਿਹਾ ਹੈ, ਜਿਸ ਨਾਲ ਮਾਪਿਆਂ ਦੀ ਆਰਥਿਕ ਚਿੰਤਾ ਵੀ ਘਟੀ ਹੈ। ਇਸਦੇ ਨਾਲ ਹੀ ਲੜਕੀਆਂ ਦੀ ਸਿਹਤ ਅਤੇ ਸਫ਼ਾਈ ਨੂੰ ਧਿਆਨ ਵਿੱਚ ਰੱਖਦਿਆਂ 385 ਸਕੂਲਾਂ ਵਿੱਚ ਸੈਨੇਟਰੀ ਪੈਡ ਇੰਸੀਨਰੇਟਰ ਮਸ਼ੀਨਾਂ ਲਗਾਉਣ ਲਈ 77 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ।

ਸਰਕਾਰੀ ਸਕੂਲਾਂ ਨੂੰ ਤਕਨਾਲੋਜੀ ਨਾਲ ਜੋੜਨ ਦੇ ਮੰਤਵ ਨਾਲ 9,000 ਤੋਂ ਵੱਧ ਸਮਾਰਟ ਕਲਾਸਰੂਮ ਅਤੇ 5,000 ਕੰਪਿਊਟਰ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਹਰੇਕ ਸਰਕਾਰੀ ਸਕੂਲ ਵਿੱਚ ਹਾਈ-ਸਪੀਡ ਫਾਈਬਰ ਵਾਈ-ਫਾਈ ਸਹੂਲਤ ਮੁਹੱਈਆ ਕਰਵਾਉਣ ਲਈ 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਨਾਬਾਰਡ (EDS-39) ਯੋਜਨਾ ਤਹਿਤ ਸਾਲ 2025-26 ਦੌਰਾਨ 136 ਕਰੋੜ ਰੁਪਏ ਦੀ ਲਾਗਤ ਨਾਲ 1,703 ਸਕੂਲਾਂ ਵਿੱਚ ਨਵੇਂ ਕਮਰੇ, ਸਾਇੰਸ ਅਤੇ ਕੰਪਿਊਟਰ ਲੈਬਾਂ, ਮਲਟੀਪਰਪਜ਼ ਹਾਲ, ਰਸੋਈਆਂ, ਮੈਡੀਕਲ ਰੂਮ, ਖੇਡ ਮੈਦਾਨ ਅਤੇ ਹੋਰ ਬੁਨਿਆਦੀ ਸਹੂਲਤਾਂ ਵਿਕਸਿਤ ਕੀਤੀਆਂ ਗਈਆਂ ਹਨ।

ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਅਤੇ ਫਿਨਲੈਂਡ ਵਰਗੇ ਦੇਸ਼ਾਂ ਵਿੱਚ ਵਿਸ਼ੇਸ਼ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ। ਅਪਰੈਲ 2022 ਤੋਂ ਹੁਣ ਤੱਕ ਕਰੀਬ 13,765 ਨਵੇਂ ਅਧਿਆਪਕ ਭਰਤੀ ਕੀਤੇ ਜਾ ਚੁੱਕੇ ਹਨ, ਜਦਕਿ ਕਈ ਠੇਕਾ ਅਧਿਆਪਕਾਂ ਨੂੰ ਵੀ ਰੈਗੂਲਰ ਸੇਵਾ ਦਾ ਲਾਭ ਦਿੱਤਾ ਗਿਆ ਹੈ।

ਵਿਦਿਆਰਥੀਆਂ ਨੂੰ ਸਮੇਂ ਸਿਰ ਪਾਠ ਪੁਸਤਕਾਂ ਅਤੇ ਮੁਫ਼ਤ ਵਰਦੀਆਂ ਮੁਹੱਈਆ ਕਰਵਾਉਣ ਲਈ ਵੀ ਸਰਕਾਰ ਵੱਲੋਂ ਖਾਸ ਉਪਰਾਲੇ ਕੀਤੇ ਗਏ ਹਨ। ਸਾਲ 2025-26 ਦੌਰਾਨ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਪੱਧਰ ਦੇ ਲੱਖਾਂ ਵਿਦਿਆਰਥੀਆਂ ਲਈ 28.20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸੇ ਤਰ੍ਹਾਂ ਛੇਵੀਂ ਤੋਂ ਅੱਠਵੀਂ ਜਮਾਤ ਦੇ ਹਜ਼ਾਰਾਂ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਦੇਣ ਲਈ 6.80 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਗਈ ਹੈ।

ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਇਨ੍ਹਾਂ ਸੁਧਾਰਾਂ ਦੇ ਨਤੀਜੇ ਵੀ ਸਪੱਸ਼ਟ ਤੌਰ ’ਤੇ ਸਾਹਮਣੇ ਆ ਰਹੇ ਹਨ। ਸਾਲ 2026 ਵਿੱਚ ਸਰਕਾਰੀ ਸਕੂਲਾਂ ਦੇ 305 ਵਿਦਿਆਰਥੀਆਂ ਨੇ JEE Mains ਅਤੇ 845 ਵਿਦਿਆਰਥੀਆਂ ਨੇ NEET ਪ੍ਰੀਖਿਆ ਪਾਸ ਕਰਕੇ ਮਾਣ ਹਾਸਲ ਕੀਤਾ। ਇਸ ਤੋਂ ਇਲਾਵਾ ਹਰ ਸਾਲ ਡੇਢ ਲੱਖ ਤੋਂ ਵੱਧ ਕਾਲਜ ਵਿਦਿਆਰਥੀ ਤਕਨੀਕੀ ਅਤੇ ਰੁਜ਼ਗਾਰਮੁਖੀ ਹੁਨਰ ਹਾਸਲ ਕਰਕੇ ਆਪਣੇ ਭਵਿੱਖ ਨੂੰ ਮਜ਼ਬੂਤ ਬਣਾ ਰਹੇ ਹਨ। ਇਹ ਉਪਰਾਲੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਨਵੀਂ ਦਿਸ਼ਾ ਦੇਣ ਦੇ ਨਾਲ-ਨਾਲ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਭਰੋਸਾ ਵੀ ਮਜ਼ਬੂਤ ਕਰ ਰਹੇ ਹਨ।