Canada News: ਸਰੀ ਦੀ ਮਸਜਿਦ ’ਤੇ ਨਫ਼ਰਤੀ ਧਮਕੀਆਂ, ਦਰਵਾਜ਼ਿਆਂ ਨੇੜੇ ਸੂਰ ਦਾ ਮਾਸ ਰੱਖਿਆ
ਸਰੀ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਨਫ਼ਰਤ ਅਤੇ ਇਸਲਾਮੋਫੋਬੀਆ ਨਾਲ ਜੁੜੀ ਇੱਕ ਗੰਭੀਰ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਫਲੀਟਵੁੱਡ ਇਸਲਾਮਿਕ ਸੈਂਟਰ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਉਂਦਿਆਂ ਕੀਤੀ ਗਈ ਇਸ ਹਰਕਤ ਤੋਂ ਬਾਅਦ ਸਥਾਨਕ ਮੁਸਲਿਮ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ, ਸ਼ਨਿਚਰਵਾਰ ਤੜਕੇ ਮਸਜਿਦ ਪਹੁੰਚੇ ਨਮਾਜ਼ੀਆਂ ਨੇ ਇਮਾਰਤ ਦੀਆਂ ਕੰਧਾਂ ’ਤੇ ਮੁਸਲਮਾਨਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਲਿਖੀਆਂ ਹੋਈਆਂ ਦੇਖੀਆਂ। ਕੰਧਾਂ ’ਤੇ “Get out or die” ਅਤੇ “Islam is trash” ਵਰਗੇ ਸ਼ਬਦ ਲਿਖੇ ਹੋਏ ਸਨ। ਇਸ ਤੋਂ ਇਲਾਵਾ ਮਸਜਿਦ ਦੇ ਦਰਵਾਜ਼ਿਆਂ ਦੇ ਹੈਂਡਲਾਂ ਅਤੇ ਖਿੜਕੀਆਂ ਨੇੜੇ ਕੱਚਾ ਸੂਰ ਦਾ ਮਾਸ ਵੀ ਰੱਖਿਆ ਗਿਆ ਸੀ।
ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 11 ਵਜੇ ਤੋਂ ਸ਼ਨਿਚਰਵਾਰ ਸਵੇਰੇ 5 ਵਜੇ ਦੇ ਦਰਮਿਆਨ ਵਾਪਰੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਰਾਇਲ ਕੈਨੇਡੀਅਨ ਮਾਊਂਟਡ ਪੁਲੀਸ (RCMP) ਨੇ ਜਾਂਚ ਨੂੰ ਹੇਟ ਕ੍ਰਾਈਮ ਵਜੋਂ ਦਰਜ ਕਰਕੇ ਅੱਗੇ ਵਧਾਇਆ ਹੈ। ਮਸਜਿਦ ਪ੍ਰਬੰਧਕਾਂ ਵੱਲੋਂ ਜਾਂਚ ਵਿੱਚ ਪੁਲੀਸ ਨੂੰ ਪੂਰਾ ਸਹਿਯੋਗ ਦੇਣ ਦੀ ਗੱਲ ਆਖੀ ਗਈ ਹੈ।
ਘਟਨਾ ਦੀ ਨਿੰਦਾ ਕਰਦਿਆਂ ਬ੍ਰਿਟਿਸ਼ ਕੋਲੰਬੀਆ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਕਿਹਾ ਕਿ ਸਮਾਜ ਵਿੱਚ ਨਫ਼ਰਤ ਅਤੇ ਹਿੰਸਾ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਪ੍ਰਭਾਵਿਤ ਮੁਸਲਿਮ ਭਾਈਚਾਰੇ ਨਾਲ ਹਮਦਰਦੀ ਵੀ ਪ੍ਰਗਟਾਈ।
ਫਲੀਟਵੁੱਡ ਇਸਲਾਮਿਕ ਅਕੈਡਮੀ ਸੁਸਾਇਟੀ ਅਤੇ ਮਸਜਿਦ ਪ੍ਰਬੰਧਕਾਂ ਨੇ ਇਸ ਘਟਨਾ ਨੂੰ ਸਿਰਫ਼ ਤੋੜ-ਫੋੜ ਦੀ ਆਮ ਕਾਰਵਾਈ ਮੰਨਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਇਸ ਨੂੰ 2017 ਵਿੱਚ ਕਿਊਬਿਕ ਸਿਟੀ ਦੀ ਮਸਜਿਦ ਵਿੱਚ ਵਾਪਰੀ ਘਾਤਕ ਗੋਲੀਬਾਰੀ ਦੀਆਂ ਯਾਦਾਂ ਨਾਲ ਜੋੜਦਿਆਂ ਚਿੰਤਾ ਜ਼ਾਹਰ ਕੀਤੀ। ਉਸ ਹਮਲੇ ਵਿੱਚ ਛੇ ਲੋਕਾਂ ਦੀ ਮੌਤ ਹੋਈ ਸੀ।
ਸੁਸਾਇਟੀ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਨਫ਼ਰਤੀ ਘਟਨਾਵਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਪ੍ਰਬੰਧਕਾਂ ਨੇ ਨਮਾਜ਼ੀਆਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕਣ ਦੀ ਗੱਲ ਕਹੀ ਹੈ ਅਤੇ ਸੂਬੇ ਦੇ ਸਿਆਸੀ ਤੇ ਸਮਾਜਿਕ ਆਗੂਆਂ ਨੂੰ ਅਜਿਹੀਆਂ ਘਟਨਾਵਾਂ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ।
ਫਿਲਹਾਲ RCMP ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਿਸੇ ਵੀ ਸ਼ੱਕੀ ਵਿਅਕਤੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਹੋਈ।







