ਪਹਾੜਾਂ ਵਿੱਚੋਂ ਵਗਦਾ ਪਾਣੀ ਹੁਣ ਡੈਮਾਂ ਨੂੰ ਖਤਰੇ ਦੀ ਹੱਦ ਤੱਕ ਭਰ ਰਿਹਾ ਹੈ ਅਤੇ ਘੱਗਰ ਦਰਿਆ ਦਾ ਪਾਣੀ ‘ਆਊਟ ਆਫ਼ ਕੰਟਰੋਲ’ ਹੋਣ ਦੇ ਕਗਾਰ ‘ਤੇ ਹੈ। ਪੌਂਗ ਡੈਮ ਵਿੱਚ ਪਿਛਲੀ ਰਾਤ ਲਗਭਗ 2.75 ਲੱਖ ਕਿਊਸਿਕ ਪਾਣੀ ਆਇਆ ਹੈ, ਜਿਸ ਨਾਲ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 4 ਫੁੱਟ ਉੱਪਰ ਚਲਾ ਗਿਆ ਹੈ। ਭਾਖੜਾ ਡੈਮ ਵਿੱਚ ਵੀ ਇੱਕ ਲੱਖ ਤੋਂ ਵੱਧ ਕਿਊਸਿਕ ਪਾਣੀ ਆਇਆ ਹੈ, ਪਰ ਇੱਥੇ ਪਾਣੀ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਹੇਠਾਂ ਰਿਹਾ ਹੈ। ਰਣਜੀਤ ਸਾਗਰ ਡੈਮ ਵਿੱਚ ਵੀ ਲਗਾਤਾਰ ਇੱਕ ਲੱਖ ਤੋਂ ਵੱਧ ਕਿਊਸਿਕ ਪਾਣੀ ਦਾਖ਼ਲ ਹੋ ਰਿਹਾ ਹੈ।
ਇਸੇ ਦੌਰਾਨ ਘੱਗਰ ਦਰਿਆ ਵਿੱਚ ਅਚਾਨਕ 35 ਹਜ਼ਾਰ ਤੋਂ ਵੱਧ ਕਿਊਸਿਕ ਪਾਣੀ ਹੋਰ ਵਧ ਗਿਆ ਹੈ। ਸਰਦੂਲਗੜ੍ਹ ਨੇੜੇ ਘੱਗਰ ਦਾ ਪਾਣੀ ਇਸ ਵੇਲੇ ਕਰੀਬ 21 ਫੁੱਟ ਤੱਕ ਪਹੁੰਚ ਗਿਆ ਹੈ, ਜਿਸ ਕਰਕੇ ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਿਰਫ ਦੋ ਦਿਨਾਂ ਵਿੱਚ ਘੱਗਰ ਦਾ ਪਾਣੀ ਤਿੰਨ ਫੁੱਟ ਵੱਧ ਗਿਆ ਹੈ ਅਤੇ ਹੁਣ ਇਹ ਖਤਰੇ ਦੇ ਨਿਸ਼ਾਨ ਤੋਂ ਸਿਰਫ਼ 4 ਫੁੱਟ ਹੇਠਾਂ ਹੈ। ਖਨੌਰੀ ਅਤੇ ਚਾਂਦਪੁਰਾ ਬੰਨ੍ਹਾਂ ਦੇ ਨੇੜੇ ਵੀ ਪਾਣੀ ਦਾ ਵੱਧਣਾ ਲੋਕਾਂ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ।
ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿੱਚੋਂ ਲੰਘਦੇ ਘੱਗਰ ਦਾ ਪਾਣੀ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਿਹਾ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਬਰਾਉਣ ਦੀ ਬਜਾਏ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ, ਪਰ ਵਧਦਾ ਪਾਣੀ ਲੋਕਾਂ ਦੀ ਬੇਚੈਨੀ ਵਧਾ ਰਿਹਾ ਹੈ। ਬਹੁਤ ਸਾਰੇ ਪਿੰਡਾਂ ਵਿੱਚ ਲੋਕ ਆਪਣੇ ਖੇਤਾਂ ਤੇ ਘਰਾਂ ਨੂੰ ਬਚਾਉਣ ਲਈ ਠੀਕਰੀ ਪਹਿਰੇ ਲਗਾ ਕੇ ਦਰਿਆ ਦੇ ਕਿਨਾਰੇ ਮਿੱਟੀ ਪਾ ਕੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹਨ।
ਮੌਸਮ ਵਿਗਿਆਨੀਆਂ ਅਨੁਸਾਰ, ਭਾਵੇਂ ਮਾਨਸੂਨ 20 ਸਤੰਬਰ ਤੱਕ ਜਾਰੀ ਰਹੇਗਾ, ਪਰ ਵੀਰਵਾਰ ਤੋਂ ਬਾਅਦ ਭਾਰੀ ਵਰਖਾ ਰੁਕਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਸਿਰਫ ਰੁਕ-ਰੁਕ ਕੇ ਹਲਕੀ ਵਰਖਾ ਹੀ ਹੋ ਸਕਦੀ ਹੈ। ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਘੱਗਰ ਸਮੇਤ ਹੋਰ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਘੱਟਣ ਦੀ ਉਮੀਦ ਹੈ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਸਰਦੂਲਗੜ੍ਹ, ਚਾਂਦਪੁਰਾ ਬੰਨ੍ਹ ਅਤੇ ਘੱਗਰ ਦੇ ਹੋਰ ਖਤਰਨਾਕ ਸਥਾਨਾਂ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਚੌਕਸੀ ਵਧਾਉਣ ਅਤੇ ਲਗਾਤਾਰ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹਨ। ਇਸਦੇ ਨਾਲ ਹੀ ਘੱਗਰ ਬਚਾਓ ਸੰਘਰਸ਼ ਕਮੇਟੀ ਦੇ ਆਗੂ ਡਾ. ਬਿੱਕਰਜੀਤ ਸਿੰਘ ਸਾਧੂਵਾਲਾ ਨੇ ਵੀ ਕਿਹਾ ਹੈ ਕਿ ਜਲਦੀ ਹੀ ਭਾਰੀ ਵਰਖਾ ਰੁਕ ਜਾਵੇਗੀ ਅਤੇ ਕੇਵਲ ਮੌਸਮੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਰਹੇਗੀ।