ਵੱਡੀ ਖਬਰ : ਚੰਡੀਗੜ੍ਹ ਵਾਂਗ ਜਲੰਧਰ ‘ਚ ਵੀ ਹੋਣਗੇ ਆਨਲਾਈਨ ਚਲਾਨ!

ਜਲੰਧਰ ਕਮਿਸ਼ਨਰੇਟ ਪੁਲਿਸ ਵੀ ਹੁਣ ਚੰਡੀਗੜ੍ਹ ਦੀ ਤਰਜ਼ ‘ਤੇ ਆਨਲਾਈਨ ਚਲਾਨ ਪ੍ਰਣਾਲੀ ਸ਼ੁਰੂ ਕਰਨ ਲਈ ਤਿਆਰ ਹੈ। ਇਸ ਸੰਬੰਧੀ ਸੋਮਵਾਰ ਨੂੰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਟ੍ਰੈਫਿਕ ਪੁਲਿਸ ਅਤੇ ਹੋਰ ਅਧਿਕਾਰੀਆਂ ਦੀ ਮੀਟਿੰਗ ਰੱਖੀ ਗਈ ਹੈ। ਇਸ ਪ੍ਰਣਾਲੀ ਨੂੰ ਹਰੀ ਝੰਡੀ ਮਿਲਣ ਦੇ ਪੂਰੇ ਚਾਂਸ ਹਨ। ਸੀ.ਪੀ. ਦੀ ਮਨਜ਼ੂਰੀ ਤੋਂ ਬਾਅਦ ਇਹ ਪ੍ਰਸਤਾਵ ਡੀ.ਜੀ.ਪੀ. ਗੌਰਵ ਯਾਦਵ ਅੱਗੇ ਰੱਖਿਆ ਜਾਵੇਗਾ, ਜੋ ਸੋਮਵਾਰ ਨੂੰ ਜਲੰਧਰ ਆ ਰਹੇ ਹਨ।

ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸ਼ਹਿਰ ਦੇ 188 ਸਥਾਨਾਂ ‘ਤੇ 1,150 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਹ ਸਾਰੇ ਪੁਆਇੰਟ 14 ਪੁਲਿਸ ਸਟੇਸ਼ਨਾਂ ਦੇ ਇੰਚਾਰਜਾਂ ਦੀ ਅਗਵਾਈ ਵਿੱਚ ਗ੍ਰਾਉਂਡ ਸਰਵੇ ਤੋਂ ਬਾਅਦ ਚੁਣੇ ਗਏ, ਜਿੱਥੇ ਵੱਡੀਆਂ ਸੜਕਾਂ ਤੇ ਸਨੈਚਿੰਗ ਵਾਲੇ ਇਲਾਕੇ ਸ਼ਾਮਲ ਹਨ। ਮਨਜ਼ੂਰੀ ਮਿਲਣ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਰਾਹੀਂ ਟ੍ਰੈਫਿਕ ਉਲੰਘਣਾਵਾਂ ਦੀ ਨਿਗਰਾਨੀ ਹੋਵੇਗੀ, ਵਾਹਨਾਂ ਦੇ ਨੰਬਰ ਨੋਟ ਕੀਤੇ ਜਾਣਗੇ ਅਤੇ ਚਲਾਨ ਸਿੱਧੇ ਮੋਬਾਈਲ ਨੰਬਰ ‘ਤੇ SMS ਰਾਹੀਂ ਭੇਜੇ ਜਾਣਗੇ।

ਏ.ਡੀ.ਸੀ.ਪੀ. ਟ੍ਰੈਫਿਕ ਗੁਰਬਾਜ ਸਿੰਘ ਮੁਤਾਬਕ ਹਾਲੇ ਕੁਝ ਵੀ ਫਾਈਨਲ ਨਹੀਂ ਹੈ, ਪਰ ਸਾਰੀਆਂ ਰਿਪੋਰਟਾਂ ਤਿਆਰ ਹਨ ਅਤੇ ਸੋਮਵਾਰ ਨੂੰ ਸੀਨੀਅਰ ਅਧਿਕਾਰੀਆਂ ਨਾਲ ਇਸ ਬਾਰੇ ਮੀਟਿੰਗ ਹੋਣੀ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਮਨਜ਼ੂਰੀ ਜ਼ਰੂਰ ਮਿਲੇਗੀ।

ਜੇਕਰ ਇਹ ਪ੍ਰਣਾਲੀ ਲਾਗੂ ਹੋ ਜਾਂਦੀ ਹੈ ਤਾਂ ਟ੍ਰੈਫਿਕ ਪੁਲਿਸ ਅਤੇ ਜਨਤਾ ਵਿਚਾਲੇ ਚਲਾਨ ਨੂੰ ਲੈ ਕੇ ਹੁੰਦਾ ਤਣਾਅ ਘਟ ਜਾਵੇਗਾ ਅਤੇ ਭ੍ਰਿਸ਼ਟਾਚਾਰ ‘ਤੇ ਵੀ ਅੰਕੁਸ਼ ਲੱਗੇਗਾ। ਹਾਲਾਂਕਿ ਟ੍ਰੈਫਿਕ ਪੁਲਿਸ ਪੂਰੀ ਤਰ੍ਹਾਂ ਨਾਕੇ ਹਟਾਏਗੀ ਨਹੀਂ, ਸਗੋਂ ਉਹਨਾਂ ਚੌਕੀਆਂ ਨੂੰ ਉੱਥੇ ਸ਼ਿਫਟ ਕੀਤਾ ਜਾਵੇਗਾ ਜਿੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਜਾਂ ਜਿੱਥੇ ਜ਼ਿਆਦਾ ਟ੍ਰੈਫਿਕ ਉਲੰਘਣਾਵਾਂ ਦਰਜ ਹੁੰਦੀਆਂ ਹਨ।