ਵੱਡਾ ਹਾਦਸਾ! ਹੁਣ ਇੱਥੇ ਹੋਏ ਜਹਾਜ਼ ਕ੍ਰੈਸ਼, ਮੱਚ ਗਈ ਹਫੜਾ-ਦਫੜੀ, 15 ਦੀ ਮੌ’ਤ

ਕੋਲੰਬੀਆ–ਵੇਨੇਜ਼ੁਏਲਾ ਸਰਹੱਦ ਦੇ ਨੇੜੇ ਸਥਿਤ ਨੋਰਤੇ ਦੇ ਸੈਂਟੇਡਰ ਸੂਬੇ ਵਿੱਚ ਬੁੱਧਵਾਰ ਨੂੰ ਸਤੈਨਾ ਏਅਰਲਾਈਨ ਦਾ ਇੱਕ ਯਾਤਰੀ ਜਹਾਜ਼ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੁੱਖਦਾਈ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 15 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜਹਾਜ਼ ਨੇ ਕੁਕੁਟਾ ਸ਼ਹਿਰ ਤੋਂ ਓਕਾਨਾ ਲਈ ਉਡਾਣ ਭਰੀ ਸੀ, ਪਰ ਟੇਕਆਫ਼ ਤੋਂ ਕੁਝ ਮਿੰਟਾਂ ਬਾਅਦ ਹੀ ਇਹ ਕ੍ਰੈਸ਼ ਹੋ ਗਿਆ।

ਸਰਕਾਰੀ ਸੂਤਰਾਂ ਅਤੇ ਏਅਰਲਾਈਨ ਪ੍ਰਸ਼ਾਸਨ ਨੇ ਦੱਸਿਆ ਕਿ ਹਾਦਸਾਗ੍ਰਸਤ ਜਹਾਜ਼ Beechcraft 1900D ਮਾਡਲ ਦਾ ਸੀ। ਇਸ ਵਿੱਚ 13 ਯਾਤਰੀਆਂ ਸਮੇਤ 2 ਕ੍ਰੂ ਮੈਂਬਰ ਮੌਜੂਦ ਸਨ। ਮਰਨ ਵਾਲਿਆਂ ਵਿੱਚ ਇੱਕ ਮੌਜੂਦਾ ਸੰਸਦ ਮੈਂਬਰ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਖੜ੍ਹੇ ਇੱਕ ਵਿਧਾਨ ਸਭਾ ਉਮੀਦਵਾਰ ਦੀ ਵੀ ਸ਼ਮੂਲੀਅਤ ਦੱਸੀ ਜਾ ਰਹੀ ਹੈ।

ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਅਚਾਨਕ ਟੁੱਟਿਆ

ਉਡਾਣ ਦੌਰਾਨ ਜਹਾਜ਼ ਦਾ ਏਅਰ ਟ੍ਰੈਫਿਕ ਕੰਟਰੋਲ ਨਾਲ ਅਚਾਨਕ ਸੰਪਰਕ ਟੁੱਟ ਗਿਆ। ਜਦੋਂ ਲੰਮੇ ਸਮੇਂ ਤੱਕ ਕੋਈ ਸੰਪਰਕ ਨਹੀਂ ਹੋ ਸਕਿਆ, ਤਾਂ ਪ੍ਰਸ਼ਾਸਨ ਵੱਲੋਂ ਤੁਰੰਤ ਖੋਜ ਅਤੇ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਗਿਆ। ਕੁਝ ਸਮੇਂ ਬਾਅਦ ਜਦੋਂ ਜਹਾਜ਼ ਦਾ ਮਲਬਾ ਮਿਲਿਆ, ਤਾਂ ਇਹ ਪੁਸ਼ਟੀ ਹੋਈ ਕਿ ਸਾਰੇ ਯਾਤਰੀ ਅਤੇ ਕ੍ਰੂ ਮੈਂਬਰ ਆਪਣੀ ਜਾਨ ਗੁਆ ਬੈਠੇ ਹਨ। ਇਹ ਉਡਾਣ ਸਤੈਨਾ ਫਲਾਈਟ 8895 ਦੇ ਨਾਮ ਨਾਲ ਦਰਜ ਸੀ।

ਜਹਾਜ਼ ਵਿੱਚ ਸਵਾਰ ਪ੍ਰਮੁੱਖ ਵਿਅਕਤੀ

ਇਸ ਹਾਦਸੇ ਵਿੱਚ ਕੋਲੰਬੀਆ ਦੀ ਚੈਂਬਰ ਆਫ ਡਿਪਿਊਟੀਜ਼ ਦੇ ਮੈਂਬਰ ਡੀਓਜੇਨੇਸ ਕੁਇੰਟੇਰੋ ਅਤੇ ਚੋਣੀ ਮੈਦਾਨ ਵਿੱਚ ਉਤਰੇ ਕਾਰਲੋਸ ਸਾਲਸੇਡੋ ਦੀ ਮੌਤ ਵੀ ਹੋ ਗਈ। ਦੋਵੇਂ ਆਪਣੀਆਂ ਸਿਆਸੀ ਟੀਮਾਂ ਨਾਲ ਯਾਤਰਾ ਕਰ ਰਹੇ ਸਨ। ਘਟਨਾ ਦੀ ਖ਼ਬਰ ਆਉਂਦੇ ਹੀ ਸਿਆਸੀ ਅਤੇ ਸਮਾਜਿਕ ਵਰਗ ਵਿੱਚ ਸੋਗ ਦੀ ਲਹਿਰ ਦੌੜ ਗਈ। ਸਥਾਨਕ ਵਿਧਾਇਕ ਵਿਲਮਰ ਕੈਰਿਲੋ ਨੇ ਹਾਦਸੇ ਨੂੰ ਬਹੁਤ ਹੀ ਦੁਖਦਾਈ ਦੱਸਦਿਆਂ ਲੋਕਾਂ ਨੂੰ ਸਬਰ ਅਤੇ ਧੀਰਜ ਰੱਖਣ ਦੀ ਅਪੀਲ ਕੀਤੀ।

ਉਨ੍ਹਾਂ ਇਹ ਵੀ ਕਿਹਾ ਕਿ ਸ਼ੁਰੂ ਵਿੱਚ ਬਚਾਅ ਕਾਰਜ ਚਲਾਏ ਗਏ, ਪਰ ਹੁਣ ਧਿਆਨ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਣ ਅਤੇ ਉਨ੍ਹਾਂ ਦੀ ਪਛਾਣ ਕਰਨ ਉੱਤੇ ਕੇਂਦ੍ਰਿਤ ਹੈ।

ਪਹਾੜੀ ਅਤੇ ਦੁਰਗਮ ਇਲਾਕਾ ਬਣਿਆ ਚੁਣੌਤੀ

ਹਾਦਸਾ ਜਿਸ ਥਾਂ ਵਾਪਰਿਆ, ਉਹ ਇਲਾਕਾ ਬਹੁਤ ਹੀ ਦੂਰਦਰਾਜ਼ ਅਤੇ ਪਹਾੜੀ ਹੈ, ਜੋ ਵੇਨੇਜ਼ੁਏਲਾ ਦੀ ਸਰਹੱਦ ਦੇ ਨੇੜੇ ਪੈਂਦਾ ਹੈ। ਇੱਥੇ ਘਣਾ ਜੰਗਲ ਅਤੇ ਅਸਥਿਰ ਮੌਸਮ ਹੋਣ ਕਾਰਨ ਖੋਜ ਅਤੇ ਬਚਾਅ ਟੀਮਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਅਨੁਸਾਰ ਇਹੀ ਵਜ੍ਹਾ ਸੀ ਕਿ ਮਲਬੇ ਤੱਕ ਪਹੁੰਚਣ ਵਿੱਚ ਦੇਰੀ ਹੋਈ।

ਫਿਲਹਾਲ, ਜਹਾਜ਼ ਹਾਦਸੇ ਦੇ ਅਸਲ ਕਾਰਣਾਂ ਬਾਰੇ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸੰਬੰਧਤ ਜਾਂਚ ਏਜੰਸੀਆਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀਆਂ ਹਨ।