ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ’ਤੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦਾ ਕਥਿਤ ਤੌਰ ’ਤੇ ਅਪਮਾਨ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਦੋਵਾਂ ਸਮੇਤ ਇਸ ਮਾਮਲੇ ਵਿੱਚ ਸ਼ਾਮਲ ਹੋਰ ਆਗੂਆਂ ਤੋਂ ਦੇਸ਼ ਵਾਸੀਆਂ ਕੋਲੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਇਹ ਵਿਵਾਦ ਸ਼ਨੀਵਾਰ ਨੂੰ ਨਵੀਂ ਦਿੱਲੀ ਸਥਿਤ ਕਾਂਗਰਸ ਦੇ ਪਾਰਟੀ ਦਫ਼ਤਰ ਵਿੱਚ ਕਰਵਾਏ ਗਏ ਆਜ਼ਾਦੀ ਦਿਵਸ ਸਮਾਗਮ ਤੋਂ ਬਾਅਦ ਸਾਹਮਣੇ ਆਇਆ। ਭਾਜਪਾ ਵੱਲੋਂ ਦੋਸ਼ ਲਾਇਆ ਗਿਆ ਕਿ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ‘ਵੰਦੇ ਮਾਤਰਮ’ ਦੇ ਗਾਇਨ ਵਿੱਚ ਵਿਘਨ ਪਾਇਆ।
ਮੋਹਨ ਯਾਦਵ ਨੇ ਕਿਹਾ ਕਿ ‘ਵੰਦੇ ਮਾਤਰਮ’ ਸਿਰਫ਼ ਇੱਕ ਗੀਤ ਨਹੀਂ, ਬਲਕਿ ਭਾਰਤ ਦੇ ਆਜ਼ਾਦੀ ਸੰਘਰਸ਼ ਨਾਲ ਡੂੰਘੇ ਤੌਰ ’ਤੇ ਜੁੜਿਆ ਮਹੱਤਵਪੂਰਨ ਨਾਅਰਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਇਤਿਹਾਸਕ ਅਤੇ ਪਵਿੱਤਰ ਰਾਸ਼ਟਰੀ ਗੀਤ ਦਾ ਕਥਿਤ ਅਪਮਾਨ ਕਰਨਾ ਨਿੰਦਣਯੋਗ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਇਸ ਘਟਨਾ ਵਿੱਚ ਸ਼ਾਮਲ ਹੋਰ ਆਗੂਆਂ ਨੂੰ ਆਪਣੀ ਗਲਤੀ ਮੰਨਦਿਆਂ ਦੇਸ਼ ਦੀ ਜਨਤਾ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸਬੰਧਤ ਆਗੂਆਂ ਨੂੰ ਜਲਦ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ।







