ਲੁਧਿਆਣਾ ਨਿਗਮ ਦੀ ਅਹਿਮ ਮੀਟਿੰਗ ਅੱਜ, ਕੂੜਾ ਪ੍ਰਬੰਧਨ ਤੇ ਰੋਡ-ਸਵੀਪਿੰਗ ਮੁੱਖ ਮੁੱਦੇ

ਲੁਧਿਆਣਾ ਨਿਗਮ ਦੀ F&CC ਮੀਟਿੰਗ ਅੱਜ, 1500 ਕਰੋੜ ਦੇ ਵਿਕਾਸ ਪ੍ਰੋਜੈਕਟਾਂ ’ਤੇ ਹੋਵੇਗੀ ਚਰਚਾ

ਲੁਧਿਆਣਾ: ਨਗਰ ਨਿਗਮ ਲੁਧਿਆਣਾ ਦੀ ਵਿੱਤ ਤੇ ਠੇਕਾ ਕਮੇਟੀ (F&CC) ਦੀ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਲਗਭਗ 1500 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਸਬੰਧੀ ਅਹਿਮ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ। ਮੀਟਿੰਗ ਦੇ ਏਜੰਡੇ ਵਿੱਚ ਇੰਟੀਗ੍ਰੇਟਿਡ ਸਾਲਿਡ ਵੇਸਟ ਮੈਨੇਜਮੈਂਟ (ISWM) ਪ੍ਰੋਜੈਕਟ ਅਤੇ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਮਸ਼ੀਨੀ ਸਫ਼ਾਈ ਨਾਲ ਜੁੜੇ ਪ੍ਰਸਤਾਵ ਪ੍ਰਮੁੱਖ ਹਨ। ਇਨ੍ਹਾਂ ਯੋਜਨਾਵਾਂ ਦਾ ਮਕਸਦ ਕੂੜਾ ਪ੍ਰਬੰਧਨ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਮੁੱਖ ਸੜਕਾਂ ਦੀ ਸਫ਼ਾਈ ਵਿੱਚ ਸੁਧਾਰ ਲਿਆਉਣਾ ਹੈ।

ਮੀਟਿੰਗ ਵਿੱਚ ਸਭ ਤੋਂ ਵੱਡਾ ਪ੍ਰਸਤਾਵ 1195 ਕਰੋੜ ਰੁਪਏ ਦੇ ਇੰਟੀਗ੍ਰੇਟਿਡ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਨਾਲ ਸਬੰਧਤ ਹੈ। ਇਹ ਪ੍ਰੋਜੈਕਟ ਪਿਛਲੇ ਸਮੇਂ ਤੋਂ ਨਿਗਮ ਕੌਂਸਲਰਾਂ ਅਤੇ ਸਫ਼ਾਈ ਕਰਮਚਾਰੀਆਂ ਦੇ ਵਿਰੋਧ ਕਾਰਨ ਚਰਚਾ ਵਿੱਚ ਹੈ। PPP ਮਾਡਲ ਤਹਿਤ ਤਿਆਰ ਕੀਤੀ ਗਈ ਇਸ ਯੋਜਨਾ ਵਿੱਚ ਘਰ-ਘਰ ਤੋਂ ਕੂੜਾ ਇਕੱਠਾ ਕਰਨ, ਸੈਕੰਡਰੀ ਪੁਆਇੰਟਾਂ ਤੱਕ ਪਹੁੰਚਾਉਣ, ਕੂੜੇ ਦੀ ਪ੍ਰੋਸੈਸਿੰਗ ਅਤੇ ਵਿਗਿਆਨਕ ਢੰਗ ਨਾਲ ਨਿਪਟਾਰੇ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਸ਼ਾਮਲ ਕੀਤਾ ਗਿਆ ਹੈ।

ਨਿਗਮ ਪ੍ਰਸ਼ਾਸਨ ਵੱਲੋਂ ਇਸ ਪ੍ਰੋਜੈਕਟ ਨੂੰ ਪਹਿਲੇ ਪੜਾਅ ਵਿੱਚ ਜ਼ੋਨ ‘ਬੀ’ ਅਤੇ ‘ਸੀ’ ਵਿੱਚ ਲਾਗੂ ਕਰਨ ਦੀ ਯੋਜਨਾ ਦੱਸੀ ਗਈ ਹੈ, ਜਿਸ ਤੋਂ ਬਾਅਦ ਇਸ ਦਾ ਦਾਇਰਾ ਸ਼ਹਿਰ ਦੇ ਹੋਰ ਹਿੱਸਿਆਂ ਤੱਕ ਵਧਾਇਆ ਜਾਣਾ ਹੈ।

ਇਸ ਤੋਂ ਇਲਾਵਾ ਮੁੱਖ ਸੜਕਾਂ ਦੀ ਮਸ਼ੀਨੀ ਸਫ਼ਾਈ ਦਾ ਪ੍ਰਸਤਾਵ ਵੀ ਮੀਟਿੰਗ ਦੇ ਅਹਿਮ ਏਜੰਡਿਆਂ ਵਿੱਚ ਸ਼ਾਮਲ ਹੈ। ਪੰਜਾਬ ਟੈਂਡਰ ਤਹਿਤ ਤਿੰਨ ਸਾਲਾਂ ਦੇ ਇਸ ਠੇਕੇ ਦੀ ਅਨੁਮਾਨਿਤ ਲਾਗਤ 81.54 ਕਰੋੜ ਰੁਪਏ ਰੱਖੀ ਗਈ ਹੈ, ਜਿਸ ਨੂੰ ਲੋੜ ਅਨੁਸਾਰ ਹੋਰ ਦੋ ਸਾਲਾਂ ਲਈ ਵਧਾਉਣ ਦੀ ਵਿਵਸਥਾ ਵੀ ਹੈ। ਪ੍ਰਸਤਾਵ ਤਹਿਤ ਲਗਭਗ 348.5 ਕਿਲੋਮੀਟਰ ਸੜਕਾਂ ਦੀ ਮਸ਼ੀਨੀ ਸਫ਼ਾਈ, ਧੁਆਈ, ਕੂੜਾ ਇਕੱਠਾ ਕਰਨ ਅਤੇ ਬਾਗਬਾਨੀ ਨਾਲ ਸਬੰਧਤ ਕੰਮ ਕਰਵਾਏ ਜਾਣੇ ਹਨ। ਟੈਂਡਰ ਦੀ ਵਿੱਤੀ ਬੋਲੀ ਵਿੱਚ ਸਭ ਤੋਂ ਘੱਟ ਬੋਲੀ ਕਰੀਬ 88.07 ਕਰੋੜ ਰੁਪਏ ਆਉਣ ਦੀ ਜਾਣਕਾਰੀ ਹੈ।

ਪ੍ਰੋਜੈਕਟ ਨੂੰ ਲੈ ਕੇ ਕੌਂਸਲਰਾਂ ਤੇ ਸਫ਼ਾਈ ਕਰਮਚਾਰੀਆਂ ਵੱਲੋਂ ਵਿਰੋਧ

ਇੰਟੀਗ੍ਰੇਟਿਡ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਨੂੰ ਲੈ ਕੇ ਨਗਰ ਨਿਗਮ ਅੰਦਰ ਵੀ ਵਿਰੋਧ ਦੇ ਸੁਰ ਉੱਠਦੇ ਰਹੇ ਹਨ। ਕਾਂਗਰਸੀ ਕੌਂਸਲਰ ਅਤੇ F&CC ਮੈਂਬਰ ਗੌਰਵ ਭੱਟੀ ਨੇ ਪ੍ਰੋਜੈਕਟ ਦੀ ਲਾਗਤ ਅਤੇ ਨਿਗਮ ਦੀ ਵਿੱਤੀ ਸਥਿਤੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਪ੍ਰਾਈਵੇਟ ਕੰਪਨੀ ਰਾਹੀਂ ਕੂੜਾ ਇਕੱਠਾ ਕਰਨ ਦੀ ਵਿਵਸਥਾ ਲਾਗੂ ਹੋਣ ਨਾਲ ਘਰ-ਘਰ ਕੂੜਾ ਇਕੱਠਾ ਕਰਨ ਵਾਲੇ ਲਗਭਗ 15 ਹਜ਼ਾਰ ਗਰੀਬ, ਦਲਿਤ ਅਤੇ ਮਜ਼ਦੂਰ ਪਰਿਵਾਰਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਸਕਦੀ ਹੈ।

ਇਸੇ ਤਰ੍ਹਾਂ ਸਫ਼ਾਈ ਕਰਮਚਾਰੀਆਂ ਵੱਲੋਂ ਵੀ ਪ੍ਰੋਜੈਕਟ ਦੇ ਨਿੱਜੀਕਰਨ ਨੂੰ ਲੈ ਕੇ ਵੱਖ-ਵੱਖ ਸਮੇਂ ’ਤੇ ਪ੍ਰਦਰਸ਼ਨ ਕੀਤੇ ਗਏ ਹਨ। ਵਿਰੋਧ ਦੇ ਚਲਦਿਆਂ ਇਹ ਪ੍ਰਸਤਾਵ ਪਿਛਲੀਆਂ ਕਈ ਮੀਟਿੰਗਾਂ ਤੋਂ ਅੱਗੇ ਨਹੀਂ ਵੱਧ ਸਕਿਆ।

ਜਮਾਲਪੁਰ ਤੋਂ ਮੇਅਰ ਦੇ ਕੈਂਪ ਦਫ਼ਤਰ ਤੱਕ ਨੰਗੇ ਪੈਰੀਂ ਮਾਰਚ ਕਰਨਗੇ ਗੌਰਵ ਭੱਟੀ

F&CC ਮੈਂਬਰ ਅਤੇ ਕੌਂਸਲਰ ਗੌਰਵ ਭੱਟੀ ਵੱਲੋਂ ਸੋਮਵਾਰ ਨੂੰ ਪ੍ਰਸਤਾਵਿਤ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਦੇ ਵਿਰੋਧ ਵਿੱਚ ਕਰੀਬ 12 ਕਿਲੋਮੀਟਰ ਦਾ ਨੰਗੇ ਪੈਰੀਂ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਉਹ ਸਵੇਰੇ 10 ਵਜੇ LIG ਫਲੈਟਾਂ ਨੇੜੇ ਸਥਿਤ ਆਪਣੇ ਦਫ਼ਤਰ ਤੋਂ ਮਾਰਚ ਸ਼ੁਰੂ ਕਰਕੇ ਮੇਅਰ ਦੇ ਕੈਂਪ ਦਫ਼ਤਰ ਪਹੁੰਚਣਗੇ, ਜਿੱਥੇ F&CC ਦੀ ਮੀਟਿੰਗ ਹੋਣੀ ਹੈ।

ਉਨ੍ਹਾਂ ਵੱਲੋਂ ਮੀਟਿੰਗ ਦੌਰਾਨ ਪ੍ਰੋਜੈਕਟ ਦਾ ਟੈਂਡਰ ਰੱਦ ਕਰਨ ਦੀ ਮੰਗ ਸਬੰਧੀ ਲਿਖਤੀ ਵਿਰੋਧ ਪੱਤਰ ਸੌਂਪਿਆ ਜਾਣਾ ਹੈ। ਭੱਟੀ ਨੇ ਪ੍ਰੋਜੈਕਟ ਦੀ ਵੱਡੀ ਲਾਗਤ, ਨਗਰ ਨਿਗਮ ਦੀ ਵਿੱਤੀ ਸਥਿਤੀ ਅਤੇ ਕੂੜਾ ਇਕੱਠਾ ਕਰਨ ਨਾਲ ਜੁੜੇ ਗਰੀਬ ਪਰਿਵਾਰਾਂ ਦੇ ਰੁਜ਼ਗਾਰ ’ਤੇ ਪੈਣ ਵਾਲੇ ਸੰਭਾਵਿਤ ਪ੍ਰਭਾਵ ਨੂੰ ਆਪਣੇ ਵਿਰੋਧ ਦਾ ਆਧਾਰ ਦੱਸਿਆ ਹੈ।