ਰਾਜਵੀਰ ਜਵੰਦਾ ਦੀ ‘ਮੌ.ਤ’ ਦਾ ਅਸਲ ਕਾਰਨ ਆਇਆ ਸਾਹਮਣੇ !

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਵਿੱਚ ਮੌਤ ਦੇ ਮਾਮਲੇ ਨੇ ਹੁਣ ਨਵਾਂ ਰੁਖ ਧਾਰ ਲਿਆ ਹੈ। ਪੁਲਿਸ ਨੇ ਇਸ ਸਬੰਧੀ ਪਹਿਲਾ ਅਧਿਕਾਰਕ ਬਿਆਨ ਜਾਰੀ ਕਰਦਿਆਂ ਇੱਕ ਡੀ.ਡੀ.ਆਰ. ਦਰਜ ਕੀਤੀ ਹੈ। ਇਸ ਵਿੱਚ ਪਰਿਵਾਰ ਵੱਲੋਂ ਇੱਕ ਪ੍ਰਾਈਵੇਟ ਹਸਪਤਾਲ ‘ਤੇ ਸਮੇਂ ਸਿਰ ਢੰਗ ਨਾਲ ਇਲਾਜ ਨਾ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ।

ਆਵਾਰਾ ਪਸ਼ੂ ਕਾਰਨ ਵਾਪਰਿਆ ਹਾਦਸਾ
ਪਿੰਜੌਰ ਥਾਣੇ ਦੇ ਐਸ.ਐਚ.ਓ. ਨੇ ਦੱਸਿਆ ਕਿ ਹਾਦਸੇ ਵਾਲੇ ਦਿਨ ਰਾਜਵੀਰ ਜਵੰਦਾ ਦੇ ਨਾਲ ਕੁੱਲ ਪੰਜ ਲੋਕ ਸਨ—ਤਿੰਨ ਅੱਗੇ ਅਤੇ ਦੋ ਪਿੱਛੇ ਆ ਰਹੇ ਸਨ। ਉਨ੍ਹਾਂ ਦੀ ਗੱਡੀ ਦੀ ਰਫ਼ਤਾਰ ਕਰੀਬ 60 ਕਿਮੀ ਪ੍ਰਤੀ ਘੰਟਾ ਸੀ, ਪਰ ਅਚਾਨਕ ਸੜਕ ‘ਤੇ ਇੱਕ ਆਵਾਰਾ ਪਸ਼ੂ ਆ ਗਿਆ ਜਿਸ ਨਾਲ ਗੱਡੀ ਦਾ ਸੰਤੁਲਨ ਬਿਗੜ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਹਾਦਸੇ ਵਾਲੇ ਇਲਾਕੇ ਦੀ ਸੜਕ ਦੀ ਹਾਲਤ ਕਾਫੀ ਖਰਾਬ ਸੀ, ਜਿਸ ਕਾਰਨ ਹਾਦਸਾ ਹੋਇਆ।

ਪਰਿਵਾਰ ਵੱਲੋਂ ਹਸਪਤਾਲ ‘ਤੇ ਲਗੇ ਦੋਸ਼
ਰਾਜਵੀਰ ਦੇ ਰਿਸ਼ਤੇਦਾਰ ਸੁਖ ਦਰਸ਼ਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਸੀ, ਪਰ ਉੱਥੇ ਉਨ੍ਹਾਂ ਦਾ ਢੰਗ ਨਾਲ ਇਲਾਜ ਨਹੀਂ ਕੀਤਾ ਗਿਆ। ਹਾਲਤ ਨਾਜ਼ੁਕ ਹੋਣ ਕਾਰਨ ਬਾਅਦ ਵਿੱਚ ਉਨ੍ਹਾਂ ਨੂੰ ਪਹਿਲਾਂ ਸੈਕਟਰ-6 ਪੰਚਕੂਲਾ ਅਤੇ ਫਿਰ ਫੋਰਟਿਸ ਹਸਪਤਾਲ ਮੋਹਾਲੀ ਭੇਜਿਆ ਗਿਆ। ਪਰਿਵਾਰ ਦਾ ਮੰਨਣਾ ਹੈ ਕਿ ਜੇ ਪਹਿਲੇ ਹਸਪਤਾਲ ਵਿੱਚ ਸਮੇਂ ਸਿਰ ਸਹੀ ਇਲਾਜ ਕੀਤਾ ਜਾਂਦਾ ਤਾਂ ਰਾਜਵੀਰ ਦੀ ਜਾਨ ਬਚ ਸਕਦੀ ਸੀ। ਇਨ੍ਹਾਂ ਦੋਸ਼ਾਂ ਦੇ ਆਧਾਰ ‘ਤੇ ਹੀ ਪੁਲਿਸ ਨੇ ਡੀ.ਡੀ.ਆਰ. ਦਰਜ ਕੀਤੀ ਹੈ।

ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਦਾ 8 ਅਕਤੂਬਰ 2025 ਨੂੰ ਸਵੇਰੇ 10:55 ਵਜੇ ਫੋਰਟਿਸ ਹਸਪਤਾਲ ਮੋਹਾਲੀ ਵਿੱਚ ਦੇਹਾਂਤ ਹੋ ਗਿਆ। 27 ਸਤੰਬਰ ਨੂੰ ਵਾਪਰੇ ਹਾਦਸੇ ਵਿੱਚ ਉਨ੍ਹਾਂ ਨੂੰ ਰੀੜ੍ਹ ਦੀ ਹੱਡੀ ਤੇ ਦਿਮਾਗ ‘ਤੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਹ ਕਰੀਬ 10 ਦਿਨਾਂ ਤੱਕ ਵੈਂਟੀਲੇਟਰ ‘ਤੇ ਰਹੇ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਪੂਰੇ ਪੰਜਾਬ ‘ਚ ਚਾਹੁਣ ਵਾਲਿਆਂ ‘ਚ ਸੋਗ ਦੀ ਲਹਿਰ ਦੌੜ ਗਈ।