Punjab Voter List Revision: ਖਰੜ ਦੀ ਵੋਟਰ ਸੂਚੀ ਤੋਂ ਰਾਘਵ ਚੱਢਾ ਦਾ ਨਾਮ ਹਟਿਆ, ਸਿਆਸੀ ਚਰਚਾਵਾਂ ਤੇਜ਼
ਚੋਣ ਕਮਿਸ਼ਨ ਵੱਲੋਂ ਕੀਤੀ ਗਈ ਵਿਸ਼ੇਸ਼ ਵੋਟਰ ਸੂਚੀ ਸੁਧਾਈ ਪ੍ਰਕਿਰਿਆ ਤੋਂ ਬਾਅਦ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਖਰੜ ਦੀ ਵੋਟਰ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ। ਅਧਿਕਾਰਿਕ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਆਪਣੇ ਪੰਜਾਬ ਵਾਲੇ ਦਰਜ ਰਿਹਾਇਸ਼ੀ ਪਤੇ ਤੋਂ ਤਬਦੀਲ ਹੋ ਚੁੱਕੇ ਹਨ, ਜਿਸ ਦੇ ਆਧਾਰ ’ਤੇ ਉਨ੍ਹਾਂ ਦੀ ਵੋਟ ਸੂਚੀ ਵਿੱਚੋਂ ਕੱਟੀ ਗਈ।
ਰਾਘਵ ਚੱਢਾ ਨੇ ਇਸ ਕਾਰਵਾਈ ’ਤੇ ਪ੍ਰਤੀਕਿਰਿਆ ਦਿੰਦਿਆਂ ਇਸਨੂੰ “ਸਿਆਸੀ ਬਦਲਾਖੋਰੀ” ਕਰਾਰ ਦਿੱਤਾ ਅਤੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ। ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਸੁਧਾਈ ਚੋਣ ਕਮਿਸ਼ਨ ਦੀ ਸੁਤੰਤਰ ਪ੍ਰਕਿਰਿਆ ਹੈ ਅਤੇ ਇਸ ਨਾਲ ਸੂਬਾ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ।
13 ਅਗਸਤ ਨੂੰ ਜਾਰੀ ਕੀਤੀ ਗਈ ਖਰੜ ਵੋਟਰ ਸੂਚੀ ਵਿੱਚ ਰਾਘਵ ਚੱਢਾ ਦਾ ਨਾਮ ਨਾ ਹੋਣ ਦੀ ਪੁਸ਼ਟੀ ਹੋਈ। ਇਸੇ ਸੁਧਾਈ ਮੁਹਿੰਮ ਦੌਰਾਨ ਪੰਜਾਬ ਵਿੱਚ ਕਰੀਬ 20.66 ਲੱਖ ਵੋਟਰਾਂ ਦੇ ਨਾਮ ਵੀ ਸੂਚੀਆਂ ਵਿੱਚੋਂ ਹਟਾਏ ਗਏ, ਜੋ ਕੁੱਲ ਵੋਟਰਾਂ ਦਾ ਲਗਭਗ 9.7 ਫੀਸਦੀ ਬਣਦੇ ਹਨ।
ਜਾਣਕਾਰੀ ਅਨੁਸਾਰ, ਆਮ ਆਦਮੀ ਪਾਰਟੀ ਤੋਂ ਵੱਖ ਹੋਣ ਮਗਰੋਂ ਰਾਘਵ ਚੱਢਾ ਦੀ ਪੰਜਾਬ ਵਿੱਚ ਸਰਗਰਮੀ ਕਾਫ਼ੀ ਘੱਟ ਰਹੀ ਅਤੇ ਉਹ ਇੱਕ ਵਾਰ ਹੀ ਸੂਬੇ ਵਿੱਚ ਨਜ਼ਰ ਆਏ। ਮੁਹਾਲੀ ਨਿਗਮ ਦੇ ਵਾਰਡ ਨੰਬਰ 44 ਅਧੀਨ ਰੀਜੈਂਸੀ ਹਾਈਟਸ ਵਿਖੇ ਉਨ੍ਹਾਂ ਦੀ ਵੋਟ ਦਰਜ ਸੀ, ਪਰ ਹੁਣ ਉੱਥੋਂ ਸਥਾਈ ਤੌਰ ’ਤੇ ਸ਼ਿਫ਼ਟ ਹੋਣ ਦੇ ਆਧਾਰ ’ਤੇ ਨਾਮ ਹਟਾ ਦਿੱਤਾ ਗਿਆ।
ਯਾਦ ਰਹੇ ਕਿ ਸਾਲ 2022 ਵਿੱਚ ਆਮ ਆਦਮੀ ਪਾਰਟੀ ਵੱਲੋਂ ਰਾਘਵ ਚੱਢਾ ਨੂੰ ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦ ਕਰਨ ਵੇਲੇ ਵੀ ਇਸ ਗੱਲ ’ਤੇ ਚਰਚਾ ਹੋਈ ਸੀ ਕਿ ਉਹ ਪੰਜਾਬ ਤੋਂ ਬਾਹਰ ਦੇ ਨਿਵਾਸੀ ਹਨ। ਉਸ ਸਮੇਂ ਉਨ੍ਹਾਂ ਨੇ ਦਿੱਲੀ ਦੀ ਵੋਟਰ ਸੂਚੀ ਤੋਂ ਨਾਮ ਕਟਵਾ ਕੇ ਪੰਜਾਬ ਵਿੱਚ ਵੋਟ ਬਣਵਾਈ ਸੀ ਅਤੇ 2024 ਦੀ ਲੋਕ ਸਭਾ ਚੋਣ ਦੌਰਾਨ ਮੁਹਾਲੀ ਵਿੱਚ ਆਪਣਾ ਵੋਟ ਅਧਿਕਾਰ ਵਰਤਿਆ ਸੀ।
ਹੁਣ ਉਨ੍ਹਾਂ ਦਾ ਨਾਮ ਪੰਜਾਬ ਦੀ ਵੋਟਰ ਸੂਚੀ ਤੋਂ ਹਟਣ ਮਗਰੋਂ ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਉਨ੍ਹਾਂ ਦੀ ਵੋਟ ਇਸ ਵੇਲੇ ਕਿਸ ਰਾਜ ਜਾਂ ਹਲਕੇ ਵਿੱਚ ਦਰਜ ਹੈ।







