ਪੰਜਾਬ ਪੁਲੀਸ ਨੇ ਮੋਹਣਜੀਤ ਸਿੰਘ ਮਾਮਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਿਸਥਾਰਪੂਰਵਕ ਹਲਫਨਾਮਾ ਦਾਖ਼ਲ ਕਰਦਿਆਂ ਦੱਸਿਆ ਹੈ ਕਿ ਸੰਗਰੂਰ ਦੇ ਨੌਜਵਾਨ ਮੋਹਣਜੀਤ ਸਿੰਘ ਨੂੰ ਕਥਿਤ ਗੈਰਕਾਨੂੰਨੀ ਹਿਰਾਸਤ ਵਿੱਚ ਰੱਖਣ ਅਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਦੀ ਜਾਂਚ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ, ਜਦਕਿ ਮੋਹਣਜੀਤ ਦੇ ਪਿਤਾ ਗੁਰਮੇਲ ਸਿੰਘ ਵੱਲੋਂ ਇਸ ਸਬੰਧੀ ਸੀਬੀਆਈ ਜਾਂਚ ਦੀ ਮੰਗ ਕਰਦੀ ਪਟੀਸ਼ਨ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਦਾਇਰ ਹਲਫਨਾਮੇ ਵਿੱਚ ਕਿਹਾ ਗਿਆ ਹੈ ਕਿ ਮੈਡੀਕਲ ਮਾਹਿਰਾਂ ਦੀ ਰਾਏ ਅਨੁਸਾਰ ਮੋਹਣਜੀਤ ਸਿੰਘ ਦੀਆਂ ਸੱਟਾਂ ਖ਼ੁਦ ਲੱਗਣ ਜਾਂ ਕਿਸੇ ਜਾਣ-ਪਛਾਣ ਵਾਲੇ ਵਿਅਕਤੀ ਵੱਲੋਂ ਲਗਾਈਆਂ ਜਾਣ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ। ਪੁਲੀਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਘਟਨਾ ਨਾਲ ਜੁੜੇ ਚਾਰ ਪੁਲੀਸ ਮੁਲਾਜ਼ਮਾਂ ਦੇ ਤਬਾਦਲੇ ਪ੍ਰਸ਼ਾਸਨਿਕ ਆਧਾਰ ’ਤੇ ਕਰ ਦਿੱਤੇ ਗਏ ਹਨ।
ਇਹ ਮਾਮਲਾ ਜਸਟਿਸ ਵਿਕਰਮ ਅਗਰਵਾਲ ਦੀ ਅਗਵਾਈ ਵਾਲੇ ਬੈਂਚ ਅੱਗੇ ਸੁਣਵਾਈ ਲਈ ਪੇਸ਼ ਹੋਇਆ। ਪਟੀਸ਼ਨ ਵਿੱਚ ਗੁਰਮੇਲ ਸਿੰਘ ਨੇ ਦੋਸ਼ ਲਾਇਆ ਸੀ ਕਿ 2 ਸਤੰਬਰ ਨੂੰ ਮੁੱਖ ਮੰਤਰੀ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੌਰੇ ਦੌਰਾਨ ਉਨ੍ਹਾਂ ਦੇ ਪੁੱਤਰ ਨੇ ਕਾਲਾ ਝੰਡਾ ਦਿਖਾਇਆ ਸੀ, ਜਿਸ ਤੋਂ ਬਾਅਦ ਪੁਲੀਸ ਕਰਮਚਾਰੀਆਂ ਨੇ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ।
ਪੁਲੀਸ ਦਾ ਪੱਖ
ਹਾਈ ਕੋਰਟ ਵਿੱਚ ਦਾਖ਼ਲ ਜਵਾਬ ਵਿੱਚ ਪੰਜਾਬ ਪੁਲੀਸ ਨੇ ਦੱਸਿਆ ਕਿ 2 ਸਤੰਬਰ ਨੂੰ ਪਿੰਡ ਸ਼ੇਰੋਂ ਵਿੱਚ ਮੁੱਖ ਮੰਤਰੀ ਦਾ ਲੋਕ ਮਿਲਣੀ ਪ੍ਰੋਗਰਾਮ ਸੀ। ਪੁਲੀਸ ਅਨੁਸਾਰ ਪ੍ਰੋਗਰਾਮ ਤੋਂ ਪਹਿਲਾਂ ਮੋਹਣਜੀਤ ਸਿੰਘ ਦੀ ਕੁਝ ਸਥਾਨਕ ਲੋਕਾਂ ਨਾਲ ਤਕਰਾਰ ਅਤੇ ਝਗੜਾ ਹੋਇਆ ਸੀ। ਬਾਅਦ ਵਿੱਚ ਉਹ ਆਪਣੇ ਸਾਥੀ ਮਨੀ ਸ਼ਰਮਾ ਨਾਲ ਇੱਕ ਮਕਾਨ ਦੀ ਛੱਤ ’ਤੇ ਚੜ੍ਹ ਗਿਆ, ਜਿੱਥੋਂ ਦੋਵਾਂ ਨੇ ਕਾਲੇ ਝੰਡੇ ਲਹਿਰਾਏ ਅਤੇ ਨਾਅਰੇਬਾਜ਼ੀ ਕੀਤੀ।
ਪੁਲੀਸ ਨੇ ਕਿਹਾ ਕਿ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਦੋਵਾਂ ਨੂੰ ਪੁੱਛਗਿੱਛ ਲਈ ਸੁਨਾਮ ਦੀ ਅਨਾਜ ਮੰਡੀ ਪੁਲੀਸ ਚੌਕੀ ਲਿਆਂਦਾ ਗਿਆ। ਮਨੀ ਸ਼ਰਮਾ ਨੂੰ ਸਮਝਾਉਣ ਤੋਂ ਬਾਅਦ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ, ਜਦਕਿ ਮੋਹਣਜੀਤ ਸਿੰਘ ਨੂੰ ਰੋਕਥਾਮੀ ਕਾਰਵਾਈ ਲਈ ਚੀਮਾ ਥਾਣੇ ਭੇਜਿਆ ਗਿਆ।
ਮੈਡੀਕਲ ਜਾਂਚ ਅਤੇ ਨਸ਼ੇ ਸਬੰਧੀ ਰਿਪੋਰਟ
ਪੁਲੀਸ ਮੁਤਾਬਕ 3 ਸਤੰਬਰ ਨੂੰ ਮੋਹਣਜੀਤ ਸਿੰਘ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ। ਇੱਕ ਪੁਲੀਸ ਅਧਿਕਾਰੀ ਨੂੰ ਸ਼ੱਕ ਹੋਣ ’ਤੇ ਉਸ ਦਾ ਡੋਪ ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਵਿੱਚ ਮੌਰਫ਼ੀਨ ਪਾਜ਼ੇਟਿਵ ਆਈ। ਇਤਰਾਜ਼ ਉੱਠਣ ’ਤੇ ਦੁਬਾਰਾ ਟੈਸਟ ਕਰਵਾਇਆ ਗਿਆ, ਜਿਸ ਦਾ ਨਤੀਜਾ ਵੀ ਪਹਿਲਾਂ ਵਰਗਾ ਹੀ ਰਿਹਾ।
ਇਸ ਤੋਂ ਬਾਅਦ ਉਸ ਨੂੰ ਕਾਰਜਕਾਰੀ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ, ਜਿੱਥੇ ਨਿੱਜੀ ਮੁਚਲਕੇ ’ਤੇ ਰਿਹਾਅ ਕਰ ਦਿੱਤਾ ਗਿਆ। ਪੁਲੀਸ ਨੇ ਦਾਅਵਾ ਕੀਤਾ ਕਿ ਉਸ ਸਮੇਂ ਕੀਤੀ ਗਈ ਮੈਡੀਕਲ ਜਾਂਚ ਵਿੱਚ ਕੋਈ ਤਾਜ਼ਾ ਸੱਟ ਦਰਜ ਨਹੀਂ ਕੀਤੀ ਗਈ ਸੀ।
ਹਾਲਾਂਕਿ ਉਸੇ ਸ਼ਾਮ ਸਿਵਲ ਹਸਪਤਾਲ ਸੰਗਰੂਰ ਤੋਂ ਪੁਲੀਸ ਨੂੰ ਸੂਚਨਾ ਮਿਲੀ ਕਿ ਮੋਹਣਜੀਤ ਸਿੰਘ ਜ਼ਖ਼ਮੀ ਹਾਲਤ ਵਿੱਚ ਦਾਖ਼ਲ ਹੋਇਆ ਹੈ। ਮੈਡੀਕਲ-ਕਾਨੂੰਨੀ ਰਿਪੋਰਟ ਵਿੱਚ ਉਸ ਦੇ ਸਰੀਰ ’ਤੇ 10 ਸੱਟਾਂ ਦਰਜ ਕੀਤੀਆਂ ਗਈਆਂ, ਜੋ ਕਿਸੇ ਭਾਰੀ ਵਸਤੂ ਨਾਲ ਲੱਗੀਆਂ ਹੋਈਆਂ ਦੱਸੀਆਂ ਗਈਆਂ।
ਪੁਲੀਸ ਨੇ ਹਲਫਨਾਮੇ ਵਿੱਚ ਕਿਹਾ ਕਿ ਮੈਡੀਕਲ ਰਿਪੋਰਟ ਅਨੁਸਾਰ ਸੱਟਾਂ ਜਾਂਚ ਤੋਂ ਦੋ ਤੋਂ ਛੇ ਘੰਟੇ ਪਹਿਲਾਂ ਦੀਆਂ ਸਨ, ਜਦਕਿ ਕਥਿਤ ਪੁਲੀਸ ਕਾਰਵਾਈ 2 ਸਤੰਬਰ ਦੀ ਸ਼ਾਮ ਦੀ ਦੱਸੀ ਗਈ ਹੈ। ਇਸ ਅਧਾਰ ’ਤੇ ਪੁਲੀਸ ਨੇ ਮੈਡੀਕਲ ਰਾਏ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੱਟਾਂ ਦੇ ਸਰੋਤ ਬਾਰੇ ਜਾਂਚ ਜਾਰੀ ਹੈ।
ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ
ਮਾਮਲੇ ਦੀ ਜਾਂਚ ਲਈ ਪੰਜਾਬ ਪੁਲੀਸ ਵੱਲੋਂ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਬਣਾਈ ਗਈ ਹੈ। ਟੀਮ ਵਿੱਚ ਆਈਪੀਐੱਸ ਅਧਿਕਾਰੀ ਦਿਲਪ੍ਰੀਤ ਸਿੰਘ ਅਤੇ ਗਜ਼ਲਪ੍ਰੀਤ ਕੌਰ ਦੇ ਨਾਲ ਪੀਪੀਐੱਸ ਅਧਿਕਾਰੀ ਪਲਵਿੰਦਰ ਸਿੰਘ ਚੀਮਾ ਨੂੰ ਸ਼ਾਮਲ ਕੀਤਾ ਗਿਆ ਹੈ।
ਹਲਫਨਾਮੇ ਵਿੱਚ ਉਨ੍ਹਾਂ ਸੱਤ ਪੁਲੀਸ ਮੁਲਾਜ਼ਮਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜੋ ਮੋਹਣਜੀਤ ਸਿੰਘ ਨੂੰ ਹਿਰਾਸਤ ਵਿੱਚ ਲੈਣ, ਪੁੱਛਗਿੱਛ ਕਰਨ, ਲਿਜਾਣ, ਲੌਕਅੱਪ ਵਿੱਚ ਰੱਖਣ ਜਾਂ ਬਾਅਦ ਦੀ ਕਾਰਵਾਈ ਨਾਲ ਜੁੜੇ ਹੋਏ ਸਨ। ਪੁਲੀਸ ਨੇ ਦੱਸਿਆ ਕਿ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਚਾਰ ਮੁਲਾਜ਼ਮਾਂ ਨੂੰ ਘਟਨਾ ਵਾਲੇ ਦਿਨ ਹੀ ਉਨ੍ਹਾਂ ਦੀ ਮੌਜੂਦਾ ਤਾਇਨਾਤੀ ਤੋਂ ਤਬਦੀਲ ਕਰ ਦਿੱਤਾ ਗਿਆ ਸੀ।
ਪੰਜਾਬ ਪੁਲੀਸ ਨੇ ਹਾਈ ਕੋਰਟ ਨੂੰ ਭਰੋਸਾ ਦਿਵਾਇਆ ਹੈ ਕਿ ਮਾਮਲੇ ਦੀ ਜਾਂਚ ਪੂਰੀ ਨਿਰਪੱਖਤਾ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਕੀਤੀ ਜਾ ਰਹੀ ਹੈ।







