ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਨ੍ਹਾਂ ਦੀ ਮਾਤਾ ਰਵਿੰਦਰ ਕੌਰ ਦਾ ਐਤਵਾਰ, 27 ਜੁਲਾਈ ਨੂੰ ਇਲਾਜ ਦੌਰਾਨ ਦਿਹਾਂਤ ਹੋ ਗਿਆ। ਉਹ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ।
ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਸਵਰਗਵਾਸੀ ਰਵਿੰਦਰ ਕੌਰ ਦਾ ਅੰਤਿਮ ਸੰਸਕਾਰ 28 ਜੁਲਾਈ ਨੂੰ ਸਵੇਰੇ 10:30 ਵਜੇ ਉਨ੍ਹਾਂ ਦੇ ਜੱਦੀ ਪਿੰਡ ਜੰਡਾਲੀ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਵਿੱਚ ਕੀਤਾ ਜਾਵੇਗਾ।
ਉਨ੍ਹਾਂ ਦੇ ਪਰਿਵਾਰ ਵਿੱਚ ਪਤੀ ਸ. ਗੁਰਮਿੰਦਰ ਸਿੰਘ, ਪੁੱਤਰ ਜੱਸੀ ਗਿੱਲ, ਉਨ੍ਹਾਂ ਦੀ ਪਤਨੀ ਅਤੇ ਦੋ ਬੱਚੇ (ਇੱਕ ਧੀ ਅਤੇ ਇੱਕ ਪੁੱਤਰ) ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਜੱਸੀ ਗਿੱਲ ਪੰਜਾਬੀ ਅਤੇ ਹਿੰਦੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਹੋਣ ਦੇ ਨਾਲ-ਨਾਲ ਕਾਮਯਾਬ ਅਦਾਕਾਰ ਵੀ ਹਨ। ਉਨ੍ਹਾਂ ਨੇ ਕਈ ਸੁਪਰਹਿੱਟ ਗੀਤਾਂ ਦੇ ਨਾਲ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ‘ਦਿਲ ਵਿਲ ਪਿਆਰ ਵਿਆਰ’, ‘ਮਿਸਟਰ ਐਂਡ ਮਿਸਿਜ਼ 420’ ਸਮੇਤ ਕਈ ਫਿਲਮਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ ਹੈ।







