ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ 24 ਜਨਵਰੀ 2026 ਦੀ ਰਾਤ ਲਗਭਗ 10:30 ਵਜੇ ਮਸ਼ਹੂਰ ਪੰਜਾਬੀ ਗਾਇਕ ਤੇ ਕਲਾਕਾਰ ਵੀਰ ਦਵਿੰਦਰ ਦੇ ਘਰ ਉੱਤੇ ਗੈਂਗਸਟਰਾਂ ਵੱਲੋਂ ਅੰਧਾਧੁੰਦ ਗੋਲੀਆਂ ਚਲਾਈਆਂ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਕੈਲਗਰੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ।
ਮਿਲੀ ਜਾਣਕਾਰੀ ਅਨੁਸਾਰ ਹਮਲਾਵਰਾਂ ਵੱਲੋਂ ਵੀਰ ਦਵਿੰਦਰ ਤੋਂ 5 ਲੱਖ ਡਾਲਰ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਵੀਰ ਦਵਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਧਮਕੀ ਭਰੀ ਕਾਲ 6 ਜਨਵਰੀ 2026 ਨੂੰ ਆਈ ਸੀ, ਜੋ ਕਿ ਆਂਡਾ (ਬਟਾਲਾ) ਨਾਮ ਦੇ ਇਕ ਵਿਅਕਤੀ ਵੱਲੋਂ ਕੀਤੀ ਗਈ ਸੀ। ਇਸ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਬਾਰੀ ਕਰ ਦਿੱਤੀ।
ਫਿਰੌਤੀ ਦੀ ਮੰਗ ‘ਤੇ ਵੀਰ ਦਵਿੰਦਰ ਨੇ ਸਪਸ਼ਟ ਕਿਹਾ ਕਿ ਉਸ ਕੋਲ ਇੰਨੀ ਰਕਮ ਨਹੀਂ ਹੈ ਅਤੇ ਉਹ ਪੈਸੇ ਨਹੀਂ ਦੇ ਸਕਦਾ। ਇਸ ‘ਤੇ ਮੁਲਜ਼ਮਾਂ ਵੱਲੋਂ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ, ਜਿਸਦਾ ਜਵਾਬ ਵੀਰ ਦਵਿੰਦਰ ਨੇ ਦਲੇਰੀ ਨਾਲ ਦਿੰਦਿਆਂ ਕਿਹਾ, “ਮਾਰ ਦਿਓ।”
ਜਾਣਕਾਰੀ ਮੁਤਾਬਕ ਜਦੋਂ ਗੋਲੀਬਾਰੀ ਹੋਈ, ਉਸ ਸਮੇਂ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਗੋਲੀਆਂ ਵਾਸ਼ਰੂਮ ਅਤੇ ਬੈੱਡਰੂਮ ਦੀਆਂ ਦੀਵਾਰਾਂ ਨੂੰ ਚੀਰਦੀਆਂ ਹੋਈਆਂ ਲੰਘ ਗਈਆਂ। ਭਾਵੇਂ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਦੋ ਵਿਅਕਤੀ ਮੌਕੇ ‘ਤੇ ਆਏ ਸਨ—ਇੱਕ ਨੇ ਗੋਲੀਆਂ ਚਲਾਈਆਂ, ਜਦਕਿ ਦੂਜੇ ਨੇ ਸਾਰੀ ਘਟਨਾ ਦੀ ਵੀਡੀਓ ਬਣਾਈ। ਇਹ ਸਾਰੀ ਜਾਣਕਾਰੀ ਕਲਾਕਾਰ ਵੀਰ ਦਵਿੰਦਰ ਨੇ ਖੁਦ ਸਾਂਝੀ ਕੀਤੀ ਹੈ।






