ਮਨ ਕੀ ਬਾਤ’ ਵਿੱਚ PM ਮੋਦੀ ਦੀ ਅਪੀਲ: ਨਸ਼ਾ ਮੁਕਤ ਭਾਰਤ ਲਈ ਨੌਜਵਾਨ ਬਣਨ ਬਦਲਾਅ ਦੇ ਦੂਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 137ਵੇਂ ਐਡੀਸ਼ਨ ਦੌਰਾਨ ਦੇਸ਼ ਵਾਸੀਆਂ ਨੂੰ ਨਸ਼ਾ ਮੁਕਤ ਭਾਰਤ ਬਣਾਉਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ‘ਨਸ਼ਾ-ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ’ ਮੁਹਿੰਮ ਤੇਜ਼ੀ ਨਾਲ ਲੋਕਾਂ ਦਾ ਸਮਰਥਨ ਪ੍ਰਾਪਤ ਕਰ ਰਹੀ ਹੈ ਅਤੇ ਇਹ ਦੇਸ਼ ਦੇ ਨੌਜਵਾਨਾਂ ਦੇ ਸਿਹਤਮੰਦ, ਖੁਸ਼ਹਾਲ ਅਤੇ ਉੱਜਵਲ ਭਵਿੱਖ ਲਈ ਇੱਕ ਸਾਂਝਾ ਸੰਕਲਪ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਸ਼ੇ ਦਾ ਪ੍ਰਭਾਵ ਕੇਵਲ ਇੱਕ ਵਿਅਕਤੀ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਇਸ ਦੇ ਨਤੀਜੇ ਪੂਰੇ ਪਰਿਵਾਰ ਅਤੇ ਸਮਾਜ ਨੂੰ ਭੁਗਤਣੇ ਪੈਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਇਸ ਮੁਹਿੰਮ ਨਾਲ ਜੁੜਨ ਅਤੇ ਜਾਗਰੂਕਤਾ ਫੈਲਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।
ਮੋਦੀ ਨੇ ਨੌਜਵਾਨਾਂ, ਕਲਾਕਾਰਾਂ ਅਤੇ ਕੰਟੈਂਟ ਕ੍ਰੀਏਟਰਾਂ ਨੂੰ ਨਸ਼ਿਆਂ ਖ਼ਿਲਾਫ਼ ਪ੍ਰਭਾਵਸ਼ਾਲੀ ਸੰਦੇਸ਼ ਤਿਆਰ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ਾ ਮੁਕਤ ਭਾਰਤ ਲਈ ਨਵੇਂ ਅਤੇ ਪ੍ਰਭਾਵਸ਼ਾਲੀ ਨਾਅਰੇ ਤਿਆਰ ਕੀਤੇ ਜਾਣ। ਉਨ੍ਹਾਂ ਸੰਗੀਤਕਾਰਾਂ ਨੂੰ ਅਜਿਹੇ ਗੀਤ ਰਚਣ, ਵਿਦਿਆਰਥੀਆਂ ਅਤੇ ਨਾਟਕ ਮੰਡਲੀਆਂ ਨੂੰ ਛੋਟੇ ਨਾਟਕ ਤਿਆਰ ਕਰਨ ਅਤੇ ਡਿਜ਼ੀਟਲ ਕੰਟੈਂਟ ਕ੍ਰੀਏਟਰਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਜਾਗਰੂਕਤਾ ਵਾਲੀ ਸਮੱਗਰੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਰਜਣਾਤਮਕਤਾ ਰਾਹੀਂ ਸਮਾਜਿਕ ਬਦਲਾਅ ਦੀ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਜਾ ਸਕਦਾ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਦੀ ‘ਪੀਐੱਮ ਸਵਾਨਿਧੀ’ ਯੋਜਨਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੇ ਲਾਭਪਾਤਰੀਆਂ ਵਿੱਚ 46 ਫ਼ੀਸਦੀ ਔਰਤਾਂ ਹਨ। ਯੋਜਨਾ ਤਹਿਤ ਰੇਹੜੀ-ਫੜੀ ਅਤੇ ਸੜਕ ਕਿਨਾਰੇ ਕਾਰੋਬਾਰ ਕਰਨ ਵਾਲੇ ਵਿਕਰੇਤਾਵਾਂ ਨੂੰ ਬਿਨਾਂ ਗਾਰੰਟੀ ਦੇ ਕਾਰੋਬਾਰ ਲਈ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਯੋਜਨਾ ਦੀ ਬਦੌਲਤ ਦੇਸ਼ ਭਰ ਦੀਆਂ ਕਰੀਬ 35 ਲੱਖ ਔਰਤਾਂ ਆਪਣੇ ਕਾਰੋਬਾਰ ਨੂੰ ਵਧਾਉਣ ਅਤੇ ਆਰਥਿਕ ਤੌਰ ’ਤੇ ਖੁਦਮੁਖਤਿਆਰ ਬਣਨ ਵਿੱਚ ਸਫ਼ਲ ਹੋਈਆਂ ਹਨ, ਜੋ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।






