ਬਿਜਲੀ ਸਪਲਾਈ ਨਾ ਮਿਲਣ ’ਤੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

Punjab Power Crisis: ਬਿਜਲੀ ਸਪਲਾਈ ਨਾ ਮਿਲਣ ’ਤੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

ਚਮਕੌਰ ਸਾਹਿਬ: ਚਮਕੌਰ ਸਾਹਿਬ ਫੀਡਰ ਨਾਲ ਜੁੜੇ ਦਰਜਨਾਂ ਪਿੰਡਾਂ ਵਿੱਚ ਖੇਤੀਬਾੜੀ ਲਈ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਸੈਕਟਰ ਨੂੰ 8 ਘੰਟੇ ਬਿਜਲੀ ਮੁਹੱਈਆ ਕਰਵਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਬਿਜਲੀ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਤੋਂ ਪਰੇਸ਼ਾਨ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਗਧਰਾਮ ਅਤੇ ਕਿਸਾਨ ਯੂਨੀਅਨ (ਸ਼ੇਰੇ ਪੰਜਾਬ) ਦੇ ਆਗੂ ਜਗਦੀਪ ਸਿੰਘ ਦੀ ਅਗਵਾਈ ਹੇਠ ਸਥਾਨਕ ਬੱਸ ਸਟੈਂਡ ਵਿਖੇ ਧਰਨਾ ਦੇ ਕੇ ਰੋਸ ਪ੍ਰਗਟਾਇਆ।

ਧਰਨੇ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਚਮਕੌਰ ਸਾਹਿਬ ਫੀਡਰ ਨਾਲ ਕਰੀਬ 6-7 ਹੋਰ ਫੀਡਰ ਜੁੜੇ ਹੋਏ ਹਨ, ਜਿਨ੍ਹਾਂ ਰਾਹੀਂ ਦਰਜਨਾਂ ਪਿੰਡਾਂ ਨੂੰ ਘਰੇਲੂ ਅਤੇ ਖੇਤੀਬਾੜੀ ਲਈ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਕਈ ਹਫ਼ਤਿਆਂ ਤੋਂ ਕਿਸਾਨਾਂ ਨੂੰ ਦਿਨ ਦੀ ਬਜਾਏ ਰਾਤ ਸਮੇਂ ਸਿਰਫ਼ 2 ਤੋਂ 3 ਘੰਟੇ ਹੀ ਬਿਜਲੀ ਮਿਲ ਰਹੀ ਹੈ ਅਤੇ ਇਸ ਦੌਰਾਨ ਵੀ ਵਾਰ-ਵਾਰ ਕੱਟ ਲੱਗ ਰਹੇ ਹਨ।

ਕਿਸਾਨ ਆਗੂਆਂ ਮੁਤਾਬਕ ਇਸ ਸਮੇਂ ਝੋਨੇ ਦੀ ਫ਼ਸਲ ਪੱਕਣ ਦੇ ਪੜਾਅ ’ਤੇ ਹੈ ਅਤੇ ਬਿਜਲੀ ਦੀ ਘਾਟ ਕਾਰਨ ਖੇਤਾਂ ਵਿੱਚ ਫ਼ਸਲਾਂ ਨੂੰ ਪਾਣੀ ਦੇਣ ਵਿੱਚ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਮਹਿੰਗਾ ਡੀਜ਼ਲ ਖਰਚ ਕਰਕੇ ਜਨਰੇਟਰ ਚਲਾਉਣੇ ਪੈ ਰਹੇ ਹਨ। ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਥਰਮਲ ਪਲਾਂਟਾਂ ਲਈ ਸਮੇਂ ਸਿਰ ਕੋਲੇ ਦਾ ਪ੍ਰਬੰਧ ਕਰਨ ਵਿੱਚ ਸਰਕਾਰ ਨਾਕਾਮ ਰਹੀ ਹੈ।

ਇਸ ਦੌਰਾਨ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ ਵੀ ਧਰਨੇ ਵਾਲੀ ਥਾਂ ’ਤੇ ਪਹੁੰਚੇ। ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਸਰਕਾਰ ਅਤੇ ਜਸਵੀਰ ਸਿੰਘ ਗੜ੍ਹੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਸਵੀਰ ਸਿੰਘ ਗੜ੍ਹੀ ਨੇ ਬਿਜਲੀ ਬੋਰਡ ਦੇ ਐਕਸੀਅਨ ਸਮੇਤ ਉੱਚ ਅਧਿਕਾਰੀਆਂ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਅਤੇ ਸਪਲਾਈ ਵਿੱਚ ਤੁਰੰਤ ਸੁਧਾਰ ਕਰਨ ਲਈ ਕਿਹਾ। ਹਾਲਾਂਕਿ, ਕਿਸਾਨਾਂ ਨੂੰ ਤੁਰੰਤ ਕੋਈ ਠੋਸ ਹੱਲ ਮਿਲਦਾ ਨਾ ਦੇਖ ਧਰਨਾ ਜਾਰੀ ਰਿਹਾ। ਇਸ ਮੌਕੇ ਗੜ੍ਹੀ ਨੇ ਕਿਹਾ ਕਿ ਉਹ ਲੁਠੇੜੀ ਸਕੂਲ ਜਾ ਰਹੇ ਹਨ ਅਤੇ ਵਾਪਸ ਆ ਕੇ ਕਿਸਾਨਾਂ ਨਾਲ ਧਰਨੇ ਵਿੱਚ ਬੈਠਣਗੇ।

ਬਾਅਦ ਵਿੱਚ ਵਾਪਸ ਪਹੁੰਚੇ ਜਸਵੀਰ ਸਿੰਘ ਗੜ੍ਹੀ ਨੇ ਧਰਨਾਕਾਰੀਆਂ ਨੂੰ ਬਿਜਲੀ ਸਪਲਾਈ ਵਿੱਚ ਜਲਦ ਸੁਧਾਰ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਕਰੀਬ 4 ਘੰਟੇ ਚੱਲਿਆ ਧਰਨਾ ਸਮਾਪਤ ਕਰ ਦਿੱਤਾ।

ਇਸ ਮੌਕੇ ਕਰਨ ਸਿੰਘ ਕੰਧੋਲਾ, ਦੀਦਾਰ ਸਿੰਘ ਡਹਿਰ, ਬਲਬੀਰ ਸਿੰਘ, ਨਿਮਰਤ ਸਿੰਘ, ਗੁਰਤੇਜ ਸਿੰਘ, ਜਗਦੀਸ਼ ਸਿੰਘ, ਸਾਧ ਸਿੰਘ, ਜਸਵੀਰ ਸਿੰਘ ਅਤੇ ਪ੍ਰੀਤਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।