ਫਲਾਈਟ ਟ੍ਰੇਨਿੰਗ ਬਣੀ ਹਾਦਸੇ ਦਾ ਕਾਰਨ, ਕੈਨੇਡਾ ’ਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਕੈਨੇਡਾ ’ਚ ਫਲਾਈਟ ਟਰੇਨਿੰਗ ਦੌਰਾਨ ਹਵਾਈ ਹਾਦਸਾ, ਦੋ ਭਾਰਤੀ ਵਿਦਿਆਰਥੀਆਂ ਦੀ ਮੌਤ

ਕੈਨੇਡਾ ਵਿੱਚ ਉਡਾਣ ਸਿਖਲਾਈ ਦੌਰਾਨ ਵਾਪਰੇ ਇੱਕ ਹਵਾਈ ਹਾਦਸੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਭਾਰਤੀ ਮਿਸ਼ਨ ਵੱਲੋਂ ਸਾਂਝੀ ਕੀਤੀ ਗਈ ਹੈ।

ਹਾਦਸੇ ਵਿੱਚ ਮਾਰੇ ਗਏ ਵਿਦਿਆਰਥੀਆਂ ਦੀ ਪਛਾਣ ਤਾਮਿਲਨਾਡੂ ਵਾਸੀ ਮਨੋਜ ਸਿਵਾਕੁਮਾਰ ਅਤੇ ਪੁਡੂਚੇਰੀ ਵਾਸੀ ਸ੍ਰੀਸਰਨ ਥਿਰੂਗਨਾਨਾਸੰਬੰਥਮ ਵਜੋਂ ਹੋਈ ਹੈ। ਦੋਵੇਂ ਕੈਨੇਡਾ ਵਿੱਚ ਫਲਾਈਟ ਟਰੇਨਿੰਗ ਲੈ ਰਹੇ ਸਨ, ਜਿਸ ਦੌਰਾਨ ਇਹ ਹਾਦਸਾ ਵਾਪਰਿਆ।

ਵੈਨਕੂਵਰ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਦੋਵਾਂ ਵਿਦਿਆਰਥੀਆਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੌਂਸਲੇਟ ਵੱਲੋਂ ‘ਐਕਸ’ ’ਤੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਕਿ ਇਸ ਦੁਖਦਾਈ ਘਟਨਾ ਨਾਲ ਪੀੜਤ ਪਰਿਵਾਰਾਂ ਅਤੇ ਉਨ੍ਹਾਂ ਦੇ ਸਨੇਹੀਆਂ ਪ੍ਰਤੀ ਡੂੰਘੀ ਹਮਦਰਦੀ ਹੈ।

ਕੌਂਸਲੇਟ ਨੇ ਇਹ ਵੀ ਭਰੋਸਾ ਦਿੱਤਾ ਕਿ ਮ੍ਰਿਤਕ ਵਿਦਿਆਰਥੀਆਂ ਦੀਆਂ ਦੇਹਾਂ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਵਿੱਚ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਇਸ ਦੁੱਖ ਦੀ ਘੜੀ ਵਿੱਚ ਕੌਂਸਲੇਟ ਨੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ।