ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਕ.ਤ.ਲ,ਮੱਚਿਆ ਚੀਕ ਚੀਹਾੜਾ

ਪੰਜਾਬ ਵਿੱਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਥਾਣਾ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਜਗਦੇਵ ਕਲਾਂ ਵਿੱਚ ਘਰੇਲੂ ਰੰਜਿਸ਼ ਦੇ ਚਲਦੇ ਕੁਝ ਲੋਕਾਂ ਵੱਲੋਂ ਇੱਕ ਘਰ ’ਤੇ ਹਮਲਾ ਕਰ ਦਿੱਤਾ ਗਿਆ, ਜਿਸ ਦੌਰਾਨ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜਗਜੀਤ ਸਿੰਘ ਗੁਰਦਾਸਪੁਰ ਵਿੱਚ ਤਾਇਨਾਤ ਡੀਐੱਸਪੀ ਮਨਿੰਦਰ ਸਿੰਘ ਦੇ ਸਕਿਓਰਿਟੀ ਗਾਰਡ ਵਜੋਂ ਡਿਊਟੀ ਕਰਦਾ ਸੀ ਅਤੇ ਕੱਲ੍ਹ ਸ਼ਾਮ ਹੀ ਆਪਣੀ ਡਿਊਟੀ ਤੋਂ ਵਾਪਸ ਘਰ ਆਇਆ ਸੀ।

ਮ੍ਰਿਤਕ ਦੀ ਪਤਨੀ ਹਰਜੀਤ ਕੌਰ ਨੇ ਦੱਸਿਆ ਕਿ ਘਰੇਲੂ ਰੰਜਿਸ਼ ਕਾਰਨ ਪਿੰਡ ਦੇ ਰਹਿਣ ਵਾਲੇ ਬਲਰਾਜ ਸਿੰਘ, ਜੋ ਕਿ ਉਨ੍ਹਾਂ ਦਾ ਰਿਸ਼ਤੇਦਾਰ ਵੀ ਹੈ, ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਵੀ ਰਾਤ ਸਮੇਂ ਉਨ੍ਹਾਂ ਦੇ ਘਰ ’ਤੇ ਹਮਲਾ ਕੀਤਾ ਸੀ। ਅੱਜ ਦਿਨ ਦੇ ਵੇਲੇ ਬਲਰਾਜ ਸਿੰਘ ਆਪਣੇ ਭਰਾ, ਬੇਟੇ ਚੰਨਪ੍ਰੀਤ ਸਿੰਘ, ਪਤਨੀ ਕੋਮਲ, ਸੁਖਰਾਜ ਸਿੰਘ, ਮਨਜੀਤ ਸਿੰਘ, ਗੱਜਣ ਸਿੰਘ ਅਤੇ ਗੁਰਲਾਲ ਸਿੰਘ ਸਮੇਤ ਕਰੀਬ 8 ਤੋਂ 10 ਵਿਅਕਤੀਆਂ ਨਾਲ ਦੋ ਗੱਡੀਆਂ ’ਚ ਸਵਾਰ ਹੋ ਕੇ ਉਨ੍ਹਾਂ ਦੇ ਘਰ ਆ ਪਹੁੰਚਿਆ।

ਘਰ ਪਹੁੰਚਦੇ ਹੀ ਉਨ੍ਹਾਂ ਨੇ ਜਗਜੀਤ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਹਮਲਾ ਕਰ ਦਿੱਤਾ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਜਗਜੀਤ ਸਿੰਘ ਦੇ ਸਿਰ ’ਤੇ ਲੋਹੇ ਦੀ ਰਾਡ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪਰਿਵਾਰ ਵੱਲੋਂ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।