ਪੰਜਾਬ : ਧੀ ਦੀ ਪੱਤ ਰੋਲਣ ਵਾਲੇ ਪਿਓ ਨੂੰ ਦਿੱਤੀ ਮਿਸਾਲੀ ਸਜ਼ਾ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਜੁੜੇ ਇੱਕ ਦਰਦਨਾਕ ਮਾਮਲੇ ਵਿੱਚ, ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ 15 ਸਾਲਾ ਨਾਬਾਲਗ ਧੀ ਨਾਲ ਵਾਰ-ਵਾਰ ਜਬਰ-ਜ਼ਿਨਾਹ ਕਰਨ ਦੇ ਦੋਸ਼ੀ ਮਤਰੇਏ ਬਾਪ ਨੂੰ 20 ਸਾਲ ਕੈਦ ਦੀ ਸਜ਼ਾ ਅਤੇ ₹2.20 ਲੱਖ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ।

ਇਹ ਮਾਮਲਾ ਮਈ 2020 ਵਿੱਚ ਸਾਹਮਣੇ ਆਇਆ ਸੀ, ਜਦੋਂ ਪੀੜਤ ਬੱਚੀ, ਜੋ ਅੱਠਵੀਂ ਕਲਾਸ ਵਿੱਚ ਪੜ੍ਹਦੀ ਸੀ, ਨੇ ਖੁਦ ਪੁਲਿਸ ਹੈਲਪਲਾਈਨ 112 ‘ਤੇ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ

ਪੀੜਤਾ ਦੇ ਬਿਆਨ ਮੁਤਾਬਕ, ਉਸਦੀ ਮਾਤਾ ਦਾ ਪਹਿਲਾਂ ਵਿਆਹ ਜ਼ਿਲ੍ਹਾ ਪਟਿਆਲਾ ਵਿੱਚ ਹੋਇਆ ਸੀ ਅਤੇ ਉਹ ਉਸ ਵਿਆਹ ਵਿੱਚੋਂ ਇਕਲੌਤੀ ਧੀ ਹੈ। ਕਰੀਬ ਤਿੰਨ ਸਾਲ ਦੀ ਉਮਰ ਵਿੱਚ ਉਸਦੀ ਮਾਂ ਨੇ ਪਹਿਲੇ ਪਤੀ ਨੂੰ ਛੱਡ ਦਿੱਤਾ ਸੀ। ਉਸ ਤੋਂ ਬਾਅਦ ਪਿਛਲੇ ਦੋ ਸਾਲਾਂ ਤੋਂ ਉਸਦੀ ਮਾਤਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇੱਕ ਵਿਅਕਤੀ ਨਾਲ ਰਹਿ ਰਹੀ ਸੀ। ਇਹੀ ਵਿਅਕਤੀ, ਜੋ ਪੀੜਤਾ ਦਾ ਮਤਰੇਆ ਬਾਪ ਹੈ ਅਤੇ ਉਮਰ ਲਗਭਗ 32 ਸਾਲ ਹੈ, ਲਗਾਤਾਰ 7–8 ਮਹੀਨਿਆਂ ਤੋਂ ਉਸ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ ਅਤੇ ਕਿਸੇ ਨੂੰ ਦੱਸਣ ’ਤੇ ਉਸਨੂੰ ਜਾਨੋਂ ਮਾਰਣ ਦੀਆਂ ਧਮਕੀਆਂ ਵੀ ਦੇ ਰਿਹਾ ਸੀ।

ਲੰਮੇ ਸਮੇਂ ਤੱਕ ਇਹ ਪੀੜਾ ਸਹਿਣ ਤੋਂ ਬਾਅਦ, ਬੱਚੀ ਨੇ ਹਿੰਮਤ ਕਰਕੇ ਪੁਲਿਸ ਨੂੰ ਫੋਨ ਕੀਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 376, 506 ਅਤੇ ਪੋਕਸੋ ਐਕਟ 6 ਹੇਠ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ।

ਅੱਜ ਅਦਾਲਤ ਵਿੱਚ ਚੱਲ ਰਹੀ ਸੁਣਵਾਈ ਦੌਰਾਨ, ਸਰਕਾਰੀ ਵਕੀਲ ਆਰ.ਐੱਸ. ਜੋਸਨ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ, ਅਦਾਲਤ ਨੇ ਦੋਸ਼ੀ ਨੂੰ ਸਖ਼ਤ ਸਜ਼ਾ ਸੁਣਾਈ।